ਚੇਨੱਈ, 11 ਨਵੰਬਰ
ਤਾਮਿਲ ਨਾਡੂ ਦੇ ਕਈ ਹਿੱਸਿਆਂ ਵਿੱਚ ਅੱਜ ਭਾਰੀ ਤੋਂ ਦਰਮਿਆਨਾ ਮੀਂਹ ਪਿਆ ਜਿਸ ਕਾਰਨ ਜਨਜੀਵਨ ਵਿੱਚ ਵਿਘਨ ਪਿਆ। ਇਸੇ ਦੌਰਾਨ ਸੂਬੇ ਵਿੱਚ ਹਵਾਈ ਸੇਵਾਵਾਂ ਜਾਰੀ ਰਹੀਆਂ। ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਕਾਰਨ ਪੁੱਡੂਚੇਰੀ ਤੇ ਤਾਮਿਲਨਾਡੂ ਵਿੱਚ 13 ਨਵੰਬਰ ਤੱਕ ਭਾਰੀ ਮੀਂਹ ਪੈਣ ਦੇ ਆਸਾਰ ਹਨ।ਵੇਰਵਿਆਂ ਅਨੁਸਾਰ ਚੇਨੱਈ ਦੇ ਵਧੇਰੇ ਹਿੱਸਿਆਂ ਵਿੱਚ ਅੱਜ ਮੀਂਹ ਪਿਆ। ਇਸੇ ਦੌਰਾਨ ਨੇੜਲੇ ਜ਼ਿਲ੍ਹਿਆਂ ਕਾਂਚੀਪੁਰਮ, ਤ੍ਰਿਰੁਵਲੂਰ ਤੇ ਸਮੁੰਦਰੀ ਤੱਟ ਵਾਲੇ ਇਲਾਕੇ ਵਿਲੂਪੁਰਮ, ਕੁੱਡਾਲੋਰ ਤੇ ਕਾਵੇਰੀ ਡੈਲਟਾ ਇਲਾਕੇ ਸਣੇ ਥਾਂਜਾਵੁਰ ਤੇ ਦੱਖਣੀ ਰਾਮਨਾਥਪੁਰਮ ਵਿੱਚ ਵੀ ਭਾਰੀ ਮੀਂਹ ਪਿਆ। ਇਨ੍ਹਾਂ ਇਲਾਕਿਆਂ ਵਿੱਚ ਵੀਰਵਾਰ ਰਾਤ ਨੂੰ ਹੀ ਹਲਕਾ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜੋ ਸ਼ੁੱਕਰਵਾਰ ਨੂੰ ਭਾਰੀ ਮੀਂਹ ਵਿੱਚ ਤਬਦੀਲ ਹੋ ਗਿਆ। ਮੀਂਹ ਕਾਰਨ ਤਾਮਿਲ ਨਾਡੂ ਦੇ 23 ਜ਼ਿਲ੍ਹਿਆਂ ਸਣੇ ਚੇਨਈ ਸ਼ਹਿਰ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ। ਇਸੇ ਦੌਰਾਨ ਏਅਰਪੋਰਟ ਅਥਾਰਿਟੀ ਨੇ ਜਾਣਕਾਰੀ ਦਿੱਤੀ ਹੈ ਕਿ ਹਵਾਈ ਸੇਵਾਵਾਂ ਵਿੱਚ ਕੋਈ ਵਿਘਨ ਨਹੀਂ ਪਿਆ ਹੈ ਤੇ ਹਵਾਈ ਜਹਾਜ਼ ਸਮੇਂ ਸਿਰ ਉਡਾਨ ਭਰ ਰਹੇ ਹਨ ਤੇ ਉਤਰ ਰਹੇ ਹਨ। ਮੌਸਮ ਵਿਭਾਗ ਅਨੁਸਾਰ ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਵਾਲੇ ਖੇਤਰ ਕਾਰਨ ਪੁੱਡੂਚੇਰੀ ਵਿੱਚ ਵੀ ਭਾਰੀ ਮੀਂਹ ਪੈਣ ਦੇ ਆਸਾਰ ਹਨ।