ਮੁੰਬਈ:ਬੌਲੀਵੁੱਡ ਅਦਾਕਾਰਾ ਤਾਪਸੀ ਪੰਨੂ ਨੇ ਆਖਿਆ ਕਿ ਉਸ ਨੇ ਆਪਣੀ ਆਉਣ ਵਾਲੀ ਫ਼ਿਲਮ ‘ਸ਼ਾਬਾਸ਼ ਮਿੱਠੂ’ ਦੀ ਸ਼ੂਟਿੰਗ ਦਾ ਕੰਮ ਨਿਬੇੜ ਲਿਆ ਹੈ। ਇਹ ਫ਼ਿਲਮ ਭਾਰਤੀ ਕ੍ਰਿਕਟ ਖਿਡਾਰਨ ਮਿਤਾਲੀ ਰਾਜ ਦੇ ਜੀਵਨ ਬਾਰੇ ਹੈ, ਜਿਸ ’ਚ ਤਾਪਸੀ ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨ ਦੀ ਭੂਮਿਕਾ ਵਿਚ ਨਜ਼ਰ ਆਏਗੀ। 34 ਸਾਲਾ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਤਸੀਵਰ ਸਾਂਝੀ ਕਰਦਿਆਂ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਬਾਰੇ ਖੁਲਾਸਾ ਕੀਤਾ। ਤਾਪਸੀ ਨੇ ਆਖਿਆ,‘‘ ਅਸੀਂ ਜਲਦ ਦੀ ਹੀ ਫ਼ਿਲਮ ‘ਸ਼ਾਬਾਸ਼ ਮਿੱਠੂ’ ਲੈ ਕੇ ਆ ਰਹੇ ਹਾਂ ਜਿਸ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਵਿਸ਼ਵ ਕੱਪ 2022! ਲਈ ਤਿਆਰ ਰਹੋ।’’ ਇਸ ਫ਼ਿਲਮ ਦਾ ਨਿਰਦੇਸ਼ਨ ਸ੍ਰੀਜੀਤ ਮੁਖਰਜੀ ਨੇ ਕੀਤਾ ਹੈ, ਜਿਨ੍ਹਾਂ ਨੇ ਫ਼ਿਲਮਸਾਜ਼ ਰਾਹੁਲ ਢੋਲਕੀਆ ਦੀ ਥਾਂ ਲਈ ਸੀ। ਰਾਹੁਲ ਨੇ ਆਪਣੇ ਰੁਝੇਵੇਂ ਕਾਰਨ ਇਹ ਪ੍ਰਾਜੈਕਟ ਛੱਡ ਦਿੱਤਾ ਸੀ। ‘ਸ਼ਾਬਾਸ਼ ਮਿੱਠੂ’ ਦੀ ਸ਼ੂਟਿੰਗ ਅਪਰੈਲ ਮਹੀਨੇ ਮੁੰਬਈ ਵਿੱਚ ਹੋਣੀ ਸੀ ਪਰ ਕਰੋਨਾ ਦੀ ਦੂਜੀ ਲਹਿਰ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਇਸ ਦੀ ਸ਼ੂਟਿੰਗ ਲੰਡਨ ਦੇ ਲਾਰਡ ਕ੍ਰਿਕਟ ਸਟੇਡੀਅਮ ਵਿੱਚ ਕੀਤੀ ਗਈ ਹੈ।