ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੱਲਾ ਵਿੱਚ ਅੱਜ ਸਵੇਰੇ ਇੱਕ ਨਸ਼ਾ ਤਸਕਰ ਦੇ ਘਰ ਛਾਪੇਮਾਰੀ ਕਰਨ ਗਈ ਪੁਲਿਸ ਪਾਰਟੀ ‘ਤੇ ਤਸਕਰਾਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਹੀ ਨਹੀਂ ਤਸਕਰਾਂ ਨੇ ਪੁਲਿਸ ਮੁਲਾਜ਼ਮ ਦੀ ਗੱਡੀ ਦੀ ਭੰਨਤੋੜ ਕੀਤੀ ਅਤੇ ਗੋਲੀਆਂ ਵੀ ਚਲਾਈਆਂ। ਇਸ ਦੌਰਾਨ ਦੋ ਪੁਲੀਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਗੋਇੰਦਵਾਲ ਸਾਹਿਬ ਦੇ DSP ਅਤੁਲ ਸੋਨੀ ਮੌਕੇ ’ਤੇ ਪੁੱਜੇ।

ਜਾਣਕਾਰੀ ਦਿੰਦਿਆਂ DSP ਸੋਨੀ ਨੇ ਦੱਸਿਆ ਕਿ ਜਦੋਂ ਪੁਲਿਸ ਪਾਰਟੀ ਨੇ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਵੇਚਣ ਵਾਲੇ ਗਿਆਨੀ ਉਰਫ਼ ਬਾਬਾ ਦੇ ਘਰ ਛਾਪਾ ਮਾਰਿਆ ਤਾਂ ਤਸਕਰਾਂ ਨੇ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਅਤੇ ਗੱਡੀ ਦੀ ਭੰਨਤੋੜ ਕੀਤੀ, ਜਿਸ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਤਸਕਰਾਂ ਨੂੰ ਲੱਭਣ ਲਈ ਪਿੰਡ ਸੀਲ ਕਰ ਦਿੱਤਾ ਹੈ। DSP ਨੇ ਕਿਹਾ ਕਿ ਇਨ੍ਹਾਂ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।