ਸ਼ਿਮਲਾ/ਰਾਮਪੁਰ, 28 ਜੁਲਾਈ
ਢਿੱਗਾਂ ਡਿੱਗਣ ਅਤੇ ਜ਼ਮੀਨ ਖਿਸਕਣ ਮਗਰੋਂ ਨੈਸ਼ਨਲ ਹਾਈਵੇਅ-5 (ਹਿੰਦੁਸਤਾਨ-ਤਿੱਬਤ) ਬੰਦ ਹੋਣ ਕਾਰਨ ਆਦਿਵਾਸੀ ਜ਼ਿਲ੍ਹਿਆਂ ਕਿੰਨੌਰ ਅਤੇ ਸਪਿਤੀ ਘਾਟੀ ਦਾ ਸੂਬੇ ਦੀ ਰਾਜਧਾਨੀ ਸ਼ਿਮਲਾ ਨਾਲੋਂ ਸੰਪਰਕ ਟੁੱਟ ਗਿਆ ਹੈ। ਸ਼ਿਮਲਾ ਦੇ ਰਾਮਪੁਰ ਸਬ-ਡਿਵੀਜ਼ਨ ਵਿੱਚ ਝਾਕੜੀ ਦੇ ਨੇੜੇ ਬਰੋਨੀ, ਮੰਗਲਾਡ ਅਤੇ ਪਸ਼ਾਦਾ ਵਿੱਚ ਢਿੱਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਬਦਲਵੇਂ ਰੂਟ ਵੀ ਬੰਦ ਹਨ। ਇਸੇ ਤਰ੍ਹਾਂ ਲੁਹਰੀ-ਔਟ ਨੈਸ਼ਨਲ ਹਾਈਵੇਅ (305) ਵੀ ਤਿੰਨ ਥਾਵਾਂ ਤੋਂ ਬੰਦ ਹੈ ਅਤੇ ਕਈ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ। ਸਟੇਟ ਐਮਰਜੈਂਸੀ ਰਿਸਪਾਂਸ ਸੈਂਟਰ ਨੂੰ ਭਾਰੀ ਮੀਂਹ ਕਾਰਨ ਬੁੱਧਵਾਰ ਸ਼ਾਮ ਤੱਕ ਸੂਬੇ ਵਿੱਚ 566 ਸੜਕਾਂ ਬੰਦ ਹੋਣ ਦੀ ਸੂਚਨਾ ਮਿਲੀ ਹੈ।

ਸੜਕਾਂ ਬੰਦ ਹੋਣ ਕਾਰਨ ਫਸੇ ਸਰਕਾਰੀ ਬੱਸਾਂ ਦੇ ਚਾਲਕਾਂ ਕੋਲ ਖਾਣਾ ਮੁੱਕ ਰਿਹਾ ਹੈ ਅਤੇ ਉਹ ਪੈਦਲ ਹੀ ਬੰਦ ਹੋਏ ਰਾਹਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਢਿੱਗਾਂ ਡਿੱਗਣ ਅਤੇ ਜ਼ਮੀਨ ਖਿਸਕਣ ਦੇ ਖਤਰੇ ਦੌਰਾਨ ਪੈਦਲ ਜਾ ਰਹੇ ਲੋਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਐੱਲਪੀਜੀ ਸਿਲੰਡਰ ਲੈ ਕੇ ਬੱਦੀ ਤੋਂ ਭਾਵਾਨਗਰ ਜਾਣ ਵਾਲੇ ਰਣਜੀਤ ਨੇ ਦੱਸਿਆ ਕਿ ਉਹ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਪਿਛਲੇ ਚਾਰ ਦਿਨ ਤੋਂ ਫਸਿਆ ਹੋਇਆ ਸੀ ਅਤੇ ਬੁੱਧਵਾਰ ਨੂੰ ਪਸ਼ਾਦਾ ਵਿੱਚ ਤਾਜ਼ਾ ਜ਼ਮੀਨ ਖਿਸਕਣ ਕਾਰਨ ਸਥਿਤੀ ਹੋਰ ਵਿਗੜ ਗਈ ਹੈ। ਸਰਾਹਨ ਤੋਂ ਐੱਲਪੀਜੀ ਸਿਲੰਡਰ ਲਿਜਾ ਰਹੇ ਇੱਕ ਹੋਰ ਡਰਾਈਵਰ ਸੋਨੂ ਨੇ ਵੀ ਅਜਿਹੀ ਹੀ ਕਹਾਣੀ ਬਿਆਨੀ। ਸਮਾਜ ਸੇਵੀ ਪਵਨ ਨੇਗੀ ਨੇ ਕਿਹਾ ਕਿ ਝਾਕੜੀ ਨੇੜੇ ਨੈਸ਼ਨਲ ਹਾਈਵੇਅ ’ਤੇ ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਧੇਰੇ ਵਾਪਰਦੀਆਂ ਹਨ, ਜਿੱਥੇ ਸਟੋਨ ਕਰੱਸ਼ਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਪਹਾੜਾਂ ਨੂੰ ਤਰੇੜਾਂ ਤੋਂ ਬਚਾਉਣ ਲਈ ਕਰੱਸ਼ਰ ਨੈਸ਼ਨਲ ਹਾਈਵੇਅ ਤੋਂ ਦੂਰ ਤਬਦੀਲ ਕਰਨ ਦੀ ਮੰਗ ਕੀਤੀ।