ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਮੱਧ ਪੂਰਬ ਅਤੇ ਯੂਰਪ ‘ਚ ਚੱਲ ਰਹੀ ਜੰਗ ਨੂੰ ਲੈ ਕੇ ਲਗਾਤਾਰ ਬਿਆਨ ਦੇ ਰਹੇ ਹਨ। ਹੁਣ ਇਨ੍ਹਾਂ ਵਿਵਾਦਾਂ ਦੀ ਗੱਲ ਕਰਦੇ ਹੋਏ ਟਰੰਪ ਨੇ ਤੀਜੇ ਵਿਸ਼ਵ ਯੁੱਧ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਚੱਲ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਤੀਜਾ ਵਿਸ਼ਵ ਯੁੱਧ ਜ਼ਿਆਦਾ ਦੂਰ ਨਹੀਂ ਹੈ। ਪਰ, ਮੇਰਾ ਅਮਰੀਕਾ ਦਾ ਰਾਸ਼ਟਰਪਤੀ ਹੋਣਾ ਇਸ ਨੂੰ ਰੋਕੇਗਾ। ਮੇਰੇ ਕੋਲ ਵਿਸ਼ਵ ਯੁੱਧ ਨੂੰ ਰੋਕਣ ਦੀ ਯੋਜਨਾ ਹੈ।
ਰਿਪੋਰਟ ਅਨੁਸਾਰ ਮਿਆਮੀ ‘ਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਦੁਨੀਆ ਭਰ ‘ਚ ਚੱਲ ਰਹੇ ਯੁੱਧਾਂ ਨੂੰ ਖਤਮ ਕਰਨ ਅਤੇ ਦੁਨੀਆ ‘ਚ ਸ਼ਾਂਤੀ ਬਹਾਲ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਜੰਗ ਕਾਰਨ ਹੋਰ ਲੋਕਾਂ ਦੀ ਮੌਤ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮੱਧ ਪੂਰਬ ਅਤੇ ਯੂਕਰੇਨ ਵਿੱਚ ਹੋਈਆਂ ਮੌਤਾਂ ਨੂੰ ਵੇਖੀਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਤੀਜੇ ਵਿਸ਼ਵ ਯੁੱਧ ਤੋਂ ਦੂਰ ਨਹੀਂ ਹੋ।
ਆਪਣੇ ਪੂਰਵਵਰਤੀ ਬਾਇਡਨ ਪ੍ਰਸ਼ਾਸਨਨੂੰ ਨਿਸ਼ਾਨੇ ‘ਤੇ ਲੈਂਦਿਆ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਬਾਇਡਨ ਨੇ ਇਕ ਸਾਲ ਹੋਰ ਰਾਜ ਕੀਤਾ ਹੁੰਦਾ ਤਾਂ ਵਿਸ਼ਵ ਨਿਸ਼ਚਿਤ ਤੌਰ ‘ਤੇ ਤੀਜੇ ਵਿਸ਼ਵ ਯੁੱਧ ਦਾ ਗਵਾਹ ਹੁੰਦਾ। ਪਰ, ਹੁਣ ਜਦੋਂ ਮੈਂ ਅਮਰੀਕਾ ਦਾ ਰਾਸ਼ਟਰਪਤੀ ਹਾਂ, ਅਜਿਹਾ ਕੁਝ ਨਹੀਂ ਹੋਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ ਯੁੱਧ ਨੂੰ ਲੈ ਕੇ ਅਮਰੀਕੀ ਅਤੇ ਰੂਸੀ ਨੁਮਾਇੰਦਿਆਂ ਦੀ ਮੇਜ਼ਬਾਨੀ ਲਈ ਸਾਊਦੀ ਅਰਬ ਦਾ ਧੰਨਵਾਦ ਵੀ ਕੀਤਾ ਅਤੇ ਦੋਹਾਂ ਪੱਖਾਂ ਵਿਚਾਲੇ ਗੱਲਬਾਤ ਨੂੰ ਸ਼ਾਂਤੀ ਲਈ ਮਹੱਤਵਪੂਰਨ ਦੱਸਿਆ ਹੈ।
ਅਮਰੀਕੀ ਰਾਸ਼ਟਰਪਤੀ ਨੇ ਯੂਕਰੇਨ-ਰੂਸ ਜੰਗ ਨੂੰ ਲੈ ਕੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੀ ਸਖ਼ਤ ਆਲੋਚਨਾ ਕੀਤੀ। ਟਰੰਪ ਨੇ ਜ਼ੇਲੇਂਸਕੀ ਨੂੰ ਸਿਰਫ਼ ਇੱਕ ਕਾਮੇਡੀਅਨ ਕਿਹਾ ਅਤੇ ਕਿਹਾ ਕਿ ਉਹ ਬਿਨਾਂ ਚੋਣਾਂ ਦੇ ਤਾਨਾਸ਼ਾਹ ਬਣ ਗਏ ਹਨ। ਇਸ ਤੋਂ ਇਲਾਵਾ ਡੋਨਾਲਡ ਟਰੰਪ ਨੇ ਸ਼ਾਂਤੀ ਵਾਰਤਾ ਲਈ ਅਮਰੀਕਾ ਅਤੇ ਰੂਸ ਵਿਚਾਲੇ ਗੱਲਬਾਤ ਦਾ ਸਮਰਥਨ ਕਰਨ ਲਈ ਸਾਊਦੀ ਅਰਬ ਦਾ ਵੀ ਧੰਨਵਾਦ ਕੀਤਾ ਅਤੇ ਇਸ ਨੂੰ ਵੱਡਾ ਕਦਮ ਦੱਸਿਆ ਹੈ। ਦੱਸ ਦੇਈਏ ਕਿ ਰੂਸ ਅਤੇ ਅਮਰੀਕਾ ਵਿਚਾਲੇ ਜੰਗ ਲਈ ਸ਼ਾਂਤੀ ਵਾਰਤਾ ਸਾਊਦੀ ਅਰਬ ਵਿੱਚ ਹੀ ਹੋਈ ਸੀ। ਪਰ ਇਨ੍ਹਾਂ ਵਾਰਤਾਵਾਂ ਵਿੱਚ ਯੂਕਰੇਨ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ, ਜਿਸ ‘ਤੇ ਟਰੰਪ ਨੇ ਕਿਹਾ ਕਿ ਉਹ ਯੂਕਰੇਨ ਨੂੰ ਪਿਆਰ ਕਰਦੇ ਹਨ ਪਰ ਇਸ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਬਹੁਤ ਮਾੜਾ ਕੰਮ ਕੀਤਾ ਹੈ। ਇਸ ਜੰਗ ਕਾਰਨ ਉਥੇ ਲੱਖਾਂ ਲੋਕ ਮਾਰੇ ਗਏ ਹਨ, ਦੇਸ਼ ਟੁੱਟ ਗਿਆ ਹੈ, ਇਸ ਲਈ ਜੇਕਰ ਤੁਸੀਂ ਇਸ ਬਾਰੇ ਦੋਵਾਂ ਧਿਰਾਂ ਨਾਲ ਗੱਲ ਨਹੀਂ ਕਰ ਸਕਦੇ ਤਾਂ ਤੁਸੀਂ ਜੰਗ ਨੂੰ ਖਤਮ ਨਹੀਂ ਕਰ ਸਕਦੇ।
ਡੋਨਾਲਡ ਟਰੰਪ ਦੇ ਇਸ ਬਿਆਨ ‘ਤੇ ਯੂਕਰੇਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨੇ ਕਿਹਾ ਕਿ ਕੋਈ ਵੀ ਆਪਣੇ ਦੇਸ਼ ਨੂੰ ਝੁਕਣ ਲਈ ਮਜ਼ਬੂਰ ਨਹੀਂ ਕਰ ਸਕਦਾ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਯੂਕਰੇਨ ਆਪਣੀ ਹੋਂਦ ਦੀ ਰੱਖਿਆ ਕਰੇਗਾ।