ਵਾਸ਼ਿੰਗਟਨ, 16 ਜੁਲਾਈ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹਿਲੀ ਪਤਨੀ ਇਵਾਨਾ ਟਰੰਪ (73) ਦਾ ਨਿਊਯਾਰਕ ਸਿਟੀ ਵਿੱਚ ਦੇਹਾਂਤ ਹੋ ਗਿਆ। ਕਾਰੋਬਾਰੀ, ਮਾਡਲ, ਲੇਖਕ ਅਤੇ ਫੈਸ਼ਨ ਡਿਜ਼ਾਈਨਰ ਇਵਾਨਾ ਨੇ ਵੀਰਵਾਰ ਨੂੰ ਆਖਰੀ ਸਾਹ ਲਿਆ। ਇਸ ਸਬੰਧੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ’ਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ, ‘‘ਇਵਾਨਾ ਟਰੰਪ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਦੱਸਦਿਆਂ ਬਹੁਤ ਦੁਖੀ ਹਾਂ ਕਿ ਉਨ੍ਹਾਂ ਦਾ ਨਿਊਯਾਰਕ ਸਿਟੀ ਸਥਿਤ ਘਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਬਹੁਤ ਸ਼ਾਨਦਾਰ ਅਤੇ ਸੁੰਦਰ ਔਰਤ ਸੀ, ਜਿਸ ਨੇ ਮਹਾਨ ਅਤੇ ਪ੍ਰੇਰਨਾਦਾਇਕ ਜੀਵਨ ਬਤੀਤ ਕੀਤਾ।’’
ਬੀਬੀਸੀ ਅਨੁਸਾਰ ਟਰੰਪ ਤੇ ਇਵਾਨਾ ਦਾ 1977 ਵਿੱਚ ਵਿਆਹ ਹੋਇਆ ਸੀ ਅਤੇ 15 ਸਾਲ ਬਾਅਦ 1992 ਵਿੱਚ ਤਲਾਕ ਹੋ ਗਿਆ। ਜੋੜੇ ਦੇ ਤਿੰਨ ਬੱਚੇ ਡੋਨਲਡ ਜੂਨੀਅਰ, ਇਵਾਂਕਾ ਅਤੇ ਐਰਿਕ ਟਰੰਪ ਹਨ। ਮਾਂ ਦੇ ਦੇਹਾਂਤ ਬਾਰੇ ਇਵਾਂਕਾ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਮਾਂ ਹੁਸ਼ਿਆਰ, ਮਨਮੋਹਕ, ਜਜ਼ਬਾਤੀ ਅਤੇ ਹਸਮੁਖ ਸੀ। ਉਨ੍ਹਾਂ ਆਪਣੀ ਜ਼ਿੰਦਗੀ ਖੁੱਲ੍ਹ ਕੇ ਹੰਢਾਈ ਅਤੇ ਹੱਸਣ ਤੇ ਨੱਚਣ ਦਾ ਮੌਕਾ ਕਦੇ ਨਹੀਂ ਖੁੰਝਾਇਆ।’’ ਇਸੇ ਤਰ੍ਹਾਂ ਉਨ੍ਹਾਂ ਦੇ ਪੁੱਤਰ ਐਰਿਕ ਨੇ ਇੰਸਟਾਗ੍ਰਾਮ ’ਤੇ ਲਿਖਿਆ ਕਿ ਤਿੰਨ ਬੱਚਿਆਂ ਅਤੇ 10 ਪੋਤੇ-ਪੋਤੀਆਂ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ।