ਨਵੀਂ ਦਿੱਲੀ:ਭਾਰਤ ਅਗਲੇ ਸਾਲ ਡੇਵਿਸ ਕੱਪ ਵਿਸ਼ਵ ਗਰੁੱਪ ਦੇ ਇੱਕ ਮੁਕਾਬਲੇ ਲਈ ਦਿੱਲੀ ਜਿਮਖਾਨਾ ਕਲੱਬ ਦੇ ਗ੍ਰਾਸਕੋਰਟ ’ਤੇ ਡੈਨਮਾਰਕ ਦੀ ਮੇਜ਼ਬਾਨੀ ਕਰੇਗਾ। ਏਆਈਟੀਏ (ਭਾਰਤੀ ਟੈਨਿਸ ਐਸੋਸੀਏਸ਼ਨ) ਦੇ ਸੂਤਰਾਂ ਨੇ ਅੱਜ ਇਸ ਦੀ ਪੁਸ਼ਟੀ ਕੀਤੀ ਹੈ। ਭਾਰਤੀ ਟੀਮ ਪ੍ਰਬੰਧਕਾਂ ਨੇ ਖਿਡਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਗ੍ਰਾਸਕੋਰਟ ’ਤੇ ਮੈਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਡੈਨਮਾਰਕ ਦੇ ਖਿਡਾਰੀ ਸਹਿਜ ਹੋ ਕੇ ਨਹੀਂ ਖੇਡ ਸਕਣਗੇ। ਇਸ ਸਬੰਧੀ ਜਾਣਕਾਰੀ ਰੱਖਣ ਵਾਲੇ ਟੈਨਿਸ ਐਸੋਸੀਏਸ਼ਨ ਦੇ ਸੂਤਰ ਨੇ ਦੱਸਿਆ, ‘‘ਘਰੇਲੂ ਮਕਾਬਲੇ ਦਾ ਅਰਥ ਹੈ ਕਿ ਤੁਸੀਂ ਅਜਿਹਾ ਕੋਰਟ ਬਣਾ ਸਕਦੇ ਹੋ ਜੋ ਤੁਹਾਡੇ ਖਿਡਾਰੀਆਂ ਦੇ ਮੁਆਫ਼ਕ ਹੋਵੇ। ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਲੱਗਿਆ ਕਿ ਭਾਰਤੀ ਟੀਮ ਡੈਨਮਾਰਕ ਦੇ ਖਿਡਾਰੀਆਂ ਖ਼ਿਲਾਫ਼ ਗ੍ਰਾਸਕੋਰਟ ’ਤੇ ਮਜ਼ਬੂਤ ਹੋਵੇਗੀ ਕਿਉਂਕਿ ਉਹ ਹਾਰਡ ਕੋਰਟ ਅਤੇ ਕਲੇਅ ਕੋਰਟ ’ਤੇ ਖੇਡਣ ਦੇ ਆਦੀ ਹਨ।’’ ਭਾਰਤ ਨੂੰ ਤਿੰਨ ਸਾਲਾਂ ਮਗਰੋਂ ਮੇਜ਼ਬਾਨੀ ਮਿਲੀ ਹੈ।