-ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਕੇਸਾਂ ਦੀ ਜਾਂਚ ਤਣਪੱਤਣ ਲਾਉਣ ਲੱਗੀ ਕੈਪਟਨ ਸਰਕਾਰ
ਚੰਡੀਗੜ੍ਹ, 7 ਜੁਲਾਈ
ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਹਨ ਡੇਰਾ ਸਿਰਸਾ ਮੁਖੀ ਰਾਮ ਰਹੀਮ ਖਿਲਾਫ਼ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ ਨੇ ਸਿਕੰਜ਼ਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸਾਲ 2015 ਵਿਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇੱਕ ਗੁਰੂਘਰ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਚੋਰੀ ਕਰਕੇ ਬੇਅਦਬੀ ਕਰਨ ਦੇ ਮਾਮਲੇ ਵਿਚ ਅੱਜ ਉਸ ਸਮੇਂ ਨਵਾਂ ਮੋੜ ਆਇਆ ਜਦੋਂ ਜਾਂਚ ਕਰ ਰਹੀ ਐਸਆਈਟੀ ਨੇ ਡੇਰਾ ਸਿਰਸਾ ਰਾਮ ਰਹੀਮ ਨੂੰ ਨਾਮਜ਼ਦ ਕਰ ਲਿਆ। ਐਸਟੀ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਟੀਮ ਨੇ ਫਰੀਦਕੋਟ ਦੀ ਜੁਡੀਸ਼ੀਅਲ ਮੈਜਿਸਟਰੇਟ ਦੀ ਕੋਰਟ ਵਿਚ ਇਸ ਸਬੰਧੀ ਬਕਾਇਦਾ ਚਲਾਨ ਵੀ ਪੇਸ਼ ਕਰ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਡੇਰਾ ਸਿਰਸਾ ਮੁਖੀ ਰਾਮ ਸਮੇਤ 7 ਡੇਰਾ ਪ੍ਰੇਮੀਆਂ ਨੂੰ ਬੇਅਦਬੀ ਮਾਮਲਿਆਂ ਦੀ ਸਾਜਿਸ਼ ਰਚਣ ਅਤੇ ਬੇਅਦਬੀ ਕਰਨ ਦੇ ਕੇਸਾਂ ਵਿਚ ਨਾਮਜ਼ਦ ਕੀਤਾ ਅਤੇ ਗ੍ਰਿਫਤਾਰ ਕੀਤੇ ਗਏ ਡੇਰੇ ਦੇ 7 ਪੈਰੋਕਾਰ ਫਰੀਦਕੋਟ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਜਾਂਚ ਟੀਮ ਨੇ ਬੀਤੇ ਸ਼ਨੀਵਾਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਅਤੇ ਪੁਲਿਸ ਰਿਮਾਂਡ ਲੈ ਕੇ ਡੂੰਘਾਈ ਵਿਚ ਪੁੱਛਗਿੱਛ ਸ਼ੁਰੂ ਕੀਤੀ ਸੀ। ਇਸ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ ਜਿਨ੍ਹਾਂ ਦੇ ਆਧਾਰ ਉਤੇ ਜਾਂਚ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
ਉਧਰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਿਆ ਕਿ ਡੀਆਈਜੀ ਖੱਟੜਾ ਵਾਲੀ ਐਸਆਈਟੀ ਡੇਰਾ ਸਿਰਸਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਪੰਜਾਬ ਲਿਆ ਕੇ ਪੁੱਛਗਿੱਛ ਕਰਨ ਲਈ ਪੂਰਾ ਜ਼ੋਰ ਲਗਾ ਰਹੀ ਹੈ। ਇਸ ਸਬੰਧੀ ਡੀਆਈਜੀ ਖੱਟੜਾ ਦਾ ਕਹਿਣਾ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਤੋਂ ਚੋਰੀ ਹੋਏ ਪਵਿੱਤਰ ਸਰੂਪਾਂ ਦੇ ਮਾਮਲੇ ਵਿਚ ਦਰਜ ਐਫਆਈਆਰ ਨੰਬਰ 93 ਵਿਚ ਜਿਹੜੇ 7 ਡੇਰਾ ਪੈਰੋਕਾਰ ਗ੍ਰਿਫਤਾਰ ਕੀਤੇ ਗਏ ਸਨ ਉਨ੍ਹਾਂ ਤੋਂ 2 ਦਿਨ ਹੋਈ ਪੁੱਛਗਿੱਛ ਤੇ ਨਿਸ਼ਾਨਦੇਹੀ ਦੇ ਆਧਾਰ ਉਤੇ ਡੇਰਾ ਮੁਖੀ ਸਮੇਤ ਤਿੰਨ ਹੋਰ ਡੇਰੇ ਨਾਲ ਸਬੰਧਿਤ ਕੌਮੀ ਕਮੇਟੀ ਦੇ ਮੈਂਬਰ ਵੀ ਨਾਮਜ਼ਦ ਕੀਤੇ ਗਏ ਹਨ ਅਤੇ ਇਨ੍ਹਾਂ 11 ਵਿਅਕਤੀਆਂ ਦੇ ਨਾਮ ਸ਼ਾਮਲ ਕਰਕੇ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ । ਉਨ੍ਹਾਂ ਕਿਹਾ ਕਿ ਡੇਰਾਮੁਖੀ ਨੂੰ ਪ੍ਰੋਡਕਸ਼ਨ ਵਾਰੰਟ ਉਤੇ ਲਾਉਣ ਲਈ ਅਦਾਲਤ ਤੋਂ ਮਨਜ਼ੂਰੀ ਲਈ ਜਾਵੇਗੀ।
ਸਿੱਟ ਵਲੋਂ ਚਾਹੁੰਦੀ ਹੈ ਕਿ ਡੇਰਾਮੁਖੀ ਤੋਂ ਪੁੱਛਗਿੱਛ ਫਰੀਦਕੋਟ ਲਿਆ ਕੇ ਕੀਤੀ ਜਾਵੇ ਪ੍ਰੰਤੂ ਇਸ ਵਿਚ ਅਦਾਲਤ ਅਤੇ ਹਰਿਆਣਾ ਸਰਕਾਰ ਦੀ ਹਰੀ ਝੰਡੀ ਦੀ ਲੋੜ ਪਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਡੇਰਾਮੁਖੀ ਨੂੰ ਪੰਜਾਬ ਲਿਆਉਣ ਦੀ ਮਨਜ਼ੂਰੀ ਨਾ ਮਿਲੀ ਤਾਂ ਜਾਂਚ ਟੀਮ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਜਾ ਕੇ ਬੇਅਦਬੀ ਮਾਮਲੇ ਵਿਚ ਪੁੱਛਗਿੱਛ ਕਰੇਗੀ।
ਚੇਤੇ ਰਹੇ ਕਿ ਖੱਟੜਾ ਵਾਲੀ ਐਸਆਈਟੀ ਤੋਂ ਪਹਿਲਾਂ ਬਹਿਬਲ ਕਲਾਂ ਅਤੇ ਕੋਟਕਪੂਰਾ ਫਾਇਰਿੰਗ ਮਾਮਲਿਆਂ ਦੀ ਜਾਂਚ ਕਰ ਰਹੀ ਦੂਜੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਐਸਆਈਟੀ ਨੇ ਵੀ ਕੋਟਕਪੂਰਾ ਫਾਇਰਿੰਗ ਤੇ ਬਹਿਬਲ ਕਲਾਂ ਮਾਮਲਿਆਂ ਵਿਚ ਡੇਰਾਮੁਖੀ ਤੋਂ ਹਰਿਆਣਾ ਦੀ ਜੇਲ੍ਹ ਵਿਚ ਪੁੱਛਗਿੱਛ ਕਰਨ ਦੀ ਅਦਾਲਤ ਰਾਹੀਂ ਹਰਿਆਣਾ ਸਰਕਾਰ ਤੋਂ ਮਨਜ਼ੂਰੀ ਲਈ ਸੀ ਪ੍ਰੰਤੂ ਮਨਜ਼ੂਰੀ ਮਿਲਣ ਤੋਂ ਬਾਅਦ ਪੁੱਛਗਿੱਛ ਕਰਨ ਨਹੀਂ ਜਾ ਸਕੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਇੱਕ ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚੋਂ ਚੋਰੀ ਕੀਤੇ ਜਾਣ ਤੋਂ ਬਾਅਦ ਬੀੜ ਦੇ ਫਟੇ ਹੋਏ ਪੱਤਰੇ ਪਿੰਡ ਜਵਾਹਰ ਸਿੰਘ ਵਾਲਾ ਸਮੇਤ ਕਈ ਹੋਰ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਖਿੱਲਰੇ ਹੋਏ ਮਿਲੇ ਸਨ।
-ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਕੇਸਾਂ ਦੀ ਜਾਂਚ ਤਣਪੱਤਣ ਲਾਉਣ ਲੱਗੀ ਕੈਪਟਨ ਸਰਕਾਰ
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੀ ਸਿਆਸਤ ਨੂੰ ਹਿਲਾ ਕੇ ਰੱਖਣ ਵਾਲੇ ਸਿੱਖਾਂ ਤੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾਂ ਤੇ ਕੋਟਕਪੂਰਾ ਫਾਇਰਿੰਗ ਮਾਮਲਿਆਂ ਉਤੇ ਸਿਆਸਤ ਇੱਕ ਵਾਰ ਫੇਰ ਗਰਮਾਉਣ ਦੇ ਆਸਾਰ ਬਣਨ ਲੱਗੇ ਹਨ। ਸਾਢੇ ਤਿੰਨ ਸਾਲ ਲੰਘਣ ਦੇ ਬਾਅਦ ਆਖ਼ਰ ਹੁਣ ਕੈਪਟਨ ਸਰਕਾਰ ਨੇ ਦੋਸ਼ੀਆਂ ਨੂੰ ਫੜ੍ਹਣ ਵੱਲ ਕਦਮ ਵਧਾਉਣੇ ਤੇਜ਼ੀ ਨਾਲ ਪੁੱਟਣੇ ਸ਼ੁਰੂ ਕਰ ਦਿੱਤੇ ਹਨ ਤਾਂ ਕੀ ਇਨ੍ਹਾਂ ਅਹਿਮ ਮੁੱਦਿਆਂ ਨੂੰ ਕਿਸੇ ਤਣਪੱਤਣ ਲਾਇਆ ਜਾ ਸਕੇ। ਕਾਂਗਰਸੀ ਆਗੂ ਖੁਦ ਮੰਨਦੇ ਹਨ ਕਿ ਜੇਕਰ ਇਨ੍ਹਾਂ ਮੁੱਦਿਆਂ ਦਾ ਹੱਲ ਨਾ ਨਿਕਲਿਆ ਤਾਂ 2022 ਦੀਆਂ ਚੋਣਾਂ ਵਿਚ ਇਹ ਮੁੱਦੇ ਕਾਂਗਰਸ ਦੀ ਬੇੜੀ ਨੂੰ ਡੋਬ ਸਕਦੇ ਹਨ। ਇਨ੍ਹਾਂ ਕੇਸਾਂ ਦੀ ਜਾਂਚ ਲਈ ਬਣੀਆਂ 2 ਐਸਆਈਟੀਜ਼, ਜਿਨ੍ਹਾਂ ਵਿਚੋਂ ਇੱਕ ਐਸਆਈਟੀ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਜਾਂਚ ਟੀਮ ਬੇਅਦਬੀ ਨਾਲ ਸਬੰਧਿਤ ਦੋ ਕੇਸਾਂ ਲਈ ਅਤੇ ਦੂਜੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਵਾਲੀ ਸਿੱਟ ਬਹਿਬਲ ਕਲਾਂ ਗੋਲੀ ਕਾਂਡ ਤੇ ਕੋਟਕਪੂਰਾ ਫਾਇਰਿੰਗ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਦੋਵੇਂ ਹੀ ਸਿੱਟਾਂ ਵਲੋਂ ਜਾਂਚ ਤੇਜ਼ੀ ਨਾਲ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕੁੰਵਰ ਵਿਜੈ ਪ੍ਰਤਾਪ ਵਾਲੀ ਸਿੱਟ ਨੇ ਵੀ ਕਈ ਤੱਤਕਾਲੀਨ ਪੁਲਿਸ ਅਫਸਰਾਂ ਤੇ ਸਿਆਸੀ ਆਗੂਆਂ ਖਿਲਾਫ਼ ਅਦਾਲਤ ਵਿਚ ਚਲਾਨ ਪੇਸ਼ ਕਰ ਚੁੱਕੀ ਹੈ ਅਤੇ ਹੁਣ ਰਣਬੀਰ ਖੱਟੜਾ ਵਾਲੀ ਸਿੱਟ ਨੇ ਵੀ ਤੇਜ਼ੀ ਵਿਖਾਉਂਦੇ ਹੋਏ ਇੱਕ ਹੋਰ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ ਅਤੇ ਡੇਰਾਮੁਖੀ ਖਿਲਾਫ ਸਿਕੰਜ਼ਾ ਕੱਸਣਾ ਦੀ ਰਣਨੀਤੀ ਉਲੀਕੀ ਹੈ।