ਸਿਰਸਾ, 19 ਜਨਵਰੀ
ਸਾਧਵੀ ਜਬਰ ਜਨਾਹ ਤੇ ਪੱਤਰਕਾਰ ਰਾਮ ਚੰਦਰ ਛਤਰਪਤੀ ਅਤੇ ਰਣਜੀਤ ਕਤਲ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਕੈਦ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰੀਮਤ ਰਾਮ ਰਹੀਮ ਸਿੰਘ ਨੇ 40 ਦਿਨਾਂ ਦੀ ਮੁੜ ਪੈਰੋਲ ਮੰਗੀ ਹੈ। ਇਸ ਲਈ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਪੱਤਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਡੇਰਾ ਮੁਖੀ ਵੱਲੋਂ 40 ਚਾਲੀ ਦਿਨਾਂ ਦੀ ਪੈਰੋਲ ਮੰਗੀ ਗਈ ਹੈ। ਉਨ੍ਹਾਂ ਵੱਲੋਂ ਦਿੱਤੇ ਗਏ ਬੇਨਤੀ ਪੱਤਰ ਨੂੰ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਪ੍ਰਸ਼ਾਸਨਕ ਅਧਿਕਾਰੀ ਤੈਅ ਕਰਨਗੇ ਕਿ ਪੈਰੋਲ ਮਿਲਣੀ ਹੈ ਜਾਂ ਨਹੀਂ ਤੇ ਮਿਲਣੀ ਹੈ ਤਾਂ ਉਸ ਨੇ ਕਿਥੇ ਰਹਿਣਾ ਹੈ। ਡੇਰੇ ਵੱਲੋਂ 25 ਜਨਵਰੀ ਨੂੰ ਸ਼ਾਹ ਸਤਨਾਮ ਦਾ ਜਨਮ ਦਿਹਾੜਾ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ, ਜਿਸ ਦੀ ਡੇਰੇ ਵੱਲੋਂ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਕਿਆਸ ਲਾਏ ਜਾ ਰਹੇ ਹਨ ਕਿ ਪੈਰੋਲ ਮਿਲਣ ’ਤੇ ਡੇਰਾ ਮੁਖੀ ਐਤਕੀਂ ਸਿਰਸਾ ’ਚ 25 ਜਨਵਰੀ ਨੂੰ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਕਰ ਸਕਦਾ ਹੈ।