ਚੰਡੀਗੜ੍ਹ, 3 ਜਨਵਰੀ
ਕੋਟਕਪੂਰਾ ਫਾਇਰਿੰਗ, ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਦੇ ਸੰਵੇਦਨਸ਼ੀਲ ਮਾਮਲਿਆਂ ਉਤੇ ਨਵੇਂ ਵਰ੍ਹੇ ਸਾਲ 2020 ਵਿਚ ਮੁੜ ਸਿਆਸਤ ਗਰਮਾਏਗੀ ਉਥੇ ਹੀ ਸਰਕਾਰ ਜਾਂਚ ਵਿਚ ਤੇਜ਼ੀ ਲਿਆਵੇਗੀ। ਕਾਂਗਰਸ ਸਰਕਾਰ ਦੀ ਨਵੀਂ ਰਣਨੀਤੀ ਤਹਿਤ ਇਨ੍ਹਾਂ ਕੇਸਾਂ ਦਾ ਮੌਜ਼ੂਦਾ ਸਾਲ ਵਿਚ ਨਿਪਟਾਰਾ ਕਰਨਾ ਅਤੇ ਅਕਾਲੀਆਂ ਨੂੰ ਘੇਰਨਾ ਰਹੇਗਾ। ਭਰੋਸੇਯੋਗ ਪੁਲਿਸ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੋਟਕਪੂਰਾ-ਬਹਿਬਲ ਕਲਾਂ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਹਰਿਆਣਾ ਦੀ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਾਹੀਮ ਤੋਂ ਜਲਦ ਹੀ ਪੁੱਛਗਿੱਛ ਕਰਕੇ ਰਿਮਾਂਡ ਉਤੇ ਲਿਆਏਗੀ। ਐਸਆਈਟੀ ਨੂੰ ਪਿਛਲੇ ਸਾਲ ਕਈ ਮਹੀਨੇ ਪਹਿਲਾਂ ਡੇਰਾਮੁਖੀ ਤੋਂ ਜੇਲ੍ਹ ਵਿਚ ਪੁੱਛਗਿੱਛ ਦੀ ਹਰਿਆਣਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ। ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਐਸਆਈਟੀ ਇੱਕ ਵਾਰ ਫੇਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਫਿਲਮ ਸਟਾਰ ਅਕਸ਼ੈ ਕੁਮਾਰ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਮੇਤ ਕਈ ਆਈਏਐਸ ਅਫਸਰਾਂ ਤੋਂ ਮੁੜ ਪੁੱਛਗਿੱਛ ਕਰ ਸਕਦੀ ਹੈ।
ਪੁਲਿਸ ਹਲਕਿਆਂ ਦਾ ਕਹਿਣਾ ਹੈ ਕਿ ਕੋਟਕਪੂਰਾ ਫਾਇਰਿੰਗ ਅਤੇ ਬਹਿਬਲ ਕਲਾਂ ਗੋਲੀ ਦੇ ਮਾਮਲਿਆਂ ਨੂੰ ਲੈ ਕੇ ਬਣਾਈ ਹੋਈ ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ ਦੇ ਮੈਂਬਰਾਂ ਨਾਲ ਬੀਤੇ ਦਿਨੀਂ ਡੀਜੀਪੀ ਦਿਨਕਰ ਗੁਪਤਾ ਨੇ ਇੱਕ ਅਹਿਮ ਮੀਟਿੰਗ ਕੀਤੀ। ਜਿਸ ਵਿਚ ਡੀਜੀਪੀ ਨੇ ਸਾਰੇ ਕੇਸਾਂ ਦੀ ਜਾਂਚ ਸਥਿਤੀ ਉਤੇ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਡੀਜੀਪੀ ਨੇ ਐਸਆਈਟੀ ਨੂੰ ਜਾਂਚ ਕੇਸਾਂ ਵਿਚ ਤੇਜ਼ੀ ਲਿਆ ਕੇ ਬਾਕੀ ਰਹਿੰਦੀ ਜਾਂਚ ਪੂਰੀ ਕਰਨ ਲਈ ਕਿਹਾ। ਇਸ ਦੇ ਇਲਾਵਾ ਡੀਜੀਪੀ ਨੇ ਐਸਆਈਟੀ ਦੇ ਸਾਰੇ ਮੈਂਬਰਾਂ ਨੂੰ ਮਿਲ ਕੇ ਕੰਮ ਕਰਨ ਦਾ ਵੀ ਪਾਠ ਪੜ੍ਹਾਇਆ। ਉਨ੍ਹਾਂ ਮੈਂਬਰਾਂ ਨੂੰ ਨਸੀਹਤ ਦਿੱਤੀ ਕਿ ਕੋਟਕਪੂਰਾ-ਬਹਿਬਲ ਕਲਾਂ ਗੋਲੀ ਕਾਂਡ ਅਤੇ ਬੇਅਦਬੀ ਦੇ ਮਾਮਲੇ ਬਹੁਤ ਹੀ ਸੰਵੇਦਨਸ਼ੀਲ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਦੀ ਜਾਂਚ ਬਹੁਤ ਹੀ ਗੰਭੀਰਤਾ ਨਾਲ ਮੁਕੰਮਲ ਕੀਤੀ ਜਾਵੇ। ਡੀਜੀਪੀ ਨੇ ਐਸਆਈਟੀ ਮੈਂਬਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਵਿਚਕਾਰ ਕੋਈ ਮਤਭੇਦ ਹੋਵੇ ਤਾਂ ਉਹ ਪਹਿਲਾਂ ਮੇਰੇ ਨਾਲ ਗੱਲਬਾਤ ਕਰਨ ਅਤੇ ਮੀਡੀਆ ਵਿਚ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕਰਨ।
ਇੱਥੇ ਇਹ ਦੱਸਣਯੋਗ ਹੈ ਕਿ ਕੈਪਟਨ ਸਰਕਾਰ ਆਪਣੇ ਤਿੰਨ ਸਾਲ ਪੂਰੇ ਕਰਨ ਜਾ ਰਹੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਹੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਮਾਮਲਿਆਂ ਦੀ ਜਾਂਚ ਸੂਬੇ ਦੀ ਸਿਆਸਤ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਐਸਆਈਟੀ ਨੇ ਜਾਂਚ ਕਰਕੇ ਹੁਣ ਤੱਕ ਤਿੰਨ ਚਲਾਨ ਅਦਾਲਤ ਵਿਚ ਪੇਸ਼ ਕਰਕੇ ਕਈ ਪੁਲਿਸ ਅਧਿਕਾਰੀਆਂ ਅਤੇ ਸਿਆਸੀ ਨੇਤਾਵਾਂ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ।
ਕੋਟਕਪੂਰਾ ਫਾਇਰਿੰਗ ਅਤੇ ਬਹਿਬਲ ਕਲਾਂ ਗੋਲੀਕਾਂਡ ਵਿਚ ਗੋਲੀ ਕਿਸ ਦੇ ਹੁਕਮਾਂ ਉਤੇ ਚੱਲੀ, ਇਸ ਲਈ ਕੌਣ-ਕੌਣ ਜ਼ਿੰਮੇਵਾਰ ਸਨ ਅਤੇ ਗੋਲੀ ਚਲਾਉਣ ਦੀ ਨੌਬਤ ਕਿਉਂ ਆਈ, ਬੇਅਦਬੀ ਦੇ ਦੋਸ਼ੀ ਕੌਣ ਸਨ ਅਤੇ ਅੱਜ ਤੱਕ ਕਿਉਂ ਨਹੀਂ ਫੜ੍ਹੇ ਗਏ, ਆਦਿ ਸਵਾਲ ਅੱਜ ਵੀ ਚਾਰ-ਪੰਜ ਸਾਲ ਬੀਤਣ ਦੇ ਬਾਵਜੂਦ ਵੀ ਸਵਾਲ ਬਣੇ ਜਿਉਂ ਦੇ ਤਿਉਂ ਖੜ੍ਹੇ ਜਵਾਬ ਮੰਗਦੇ ਹਨ ਪ੍ਰੰਤੂ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ਉਤੇ ਤਾਣੀ ਸੁਲਝਾਉਣ ਦੀ ਥਾਂ ਸਿਆਸਤ ਭਾਰੂ ਰਹੀ।

ਰਹਿੰਦੀ ਤਫਤੀਸ਼ ਛੇਤੀ ਪੂਰੀ ਕਰਕੇ ਚੌਥਾ ਚਲਾਨ ਜਲਦ ਦਾਖ਼ਲ ਕਰਾਂਗੇ : ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ

ਐਸਆਈਟੀ ਦੇ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਰਹਿੰਦੀ ਜਾਂਚ ਪੂਰੀ ਕਰਕੇ ਚੌਥਾ ਚਲਾਨ ਜਲਦ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਕਿਉਂਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੈ। ਦੁੱਖ-ਸੁਖ, ਕਸ਼ਟ ਅਤੇ ਚੁਣੌਤੀ ਦਾ ਸਾਹਮਣਾ ਕਰਨਾ ਪ੍ਰਕਿਰਤੀ ਦਾ ਨਿਯਮ ਹੈ।
ਆਈਜੀ ਨੇ ਆਪਣੇ ਫੇਸਬੁੱਕ ਪੇਜ਼ ਉਤੇ ਨਵ੍ਹਾ ਵਰ੍ਹਾ ਚੜ੍ਹਣ ਤੋਂ ਪਹਿਲਾਂ ਇੱਕ ਪੋਸਟ ਪਾ ਕੇ ਲਿਖਿਆ ਹੈ ਕਿ ਸਾਲ 2019 ਉਨ੍ਹਾਂ ਲਈ ਬਹੁਤ ਹੀ ਚੁਣੌਤੀਆਂ ਭਰਿਆ ਰਿਹਾ। ਆਈਜੀ ਨੇ ਅੱਗੇ ਆਪਣਾ ਦਰਦ ਬਿਆਨ ਕਰਦੇ ਹੋਏ ਲਿਖਿਆ ਕਿ ਨਿੱਜੀ ਤੌਰ ਉਤੇ ਮੇਰੇ ਲਈ ਸਾਲ 2019 ਬਹੁਤ ਹੀ ਕਸ਼ਟਦਾਇਕ ਅਤੇ ਚੁਣੌਤੀਪੂਰਨ ਰਿਹਾ । ਇੱਥੇ ਤੱਕ ਕਿ ਬਰਗਾੜੀ, ਕੋਟਕਪੂਰਾ ਮਾਮਲੇ ਵਿਚ ਮੇਰੇ ਵਲੋਂ ਅਦਾਲਤ ਵਿਚ ਦਾਇਰ ਕੀਤੀ ਹੋਈ ਚਾਰਜਸ਼ੀਟ, ਚਲਾਨ ਉਤੇ ਵੀ ਕਿੰਤੂ ਪ੍ਰੰਤੂ ਕੀਤਾ ਗਿਆ। ਮੈਨੂੰ ਕਾਨੂੰਨੀ ਦਾਂਵ-ਪੈਂਚ ਵਿਚ ਉਲਝਾਊਣ ਦੀ ਕੋਸ਼ਿਸ਼ ਵੀ ਕੀਤੀ ਗਈ। ਪੂਰੇ ਛੇ ਮਹੀਨੇ ਦੀ ਕਾਨੂੰਨੀ ਲੜਾਈ ਤੋਂ ਬਾਅਦ ਫਰੀਦਕੋਟ ਦੀ ਮਾਨਯੋਗ ਸੈਸ਼ਨ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ ਚਲਾਨ ਬਿਲਕੁਲ ਦੁਰੁਸਤ ਹੈ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੇਰੇ ਵਲੋਂ ਅਦਾਲਤ ਵਿਚ ਦਿੱਤਾ ਗਿਆ ਹੈ।