ਸਿਰਸਾ, ਬਿਜਲੀ ਬਿੱਲ ਦੀ ਅਦਾਇਗੀ ਨਾ ਕੀਤੇ ਜਾਣ ’ਤੇ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਨੇ ਡੇਰਾ ਸਿਰਸਾ ਵਿੱਚ ਚੱਲ ਰਹੀਆਂ 21 ਉਦਯੋਗਿਕ ਇਕਾਈਆਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ। ਇਨ੍ਹਾਂ ਉਦਯੋਗਿਕ ਇਕਾਈਆਂ ਨੇ ਬਿਜਲੀ ਨਿਗਮ ਦੇ ਕਰੀਬ 28.75 ਲੱਖ ਰੁਪਏ ਦੇ ਬਕਾਇਆ ਬਿੱਲ ਨਹੀਂ ਭਰੇ। ਸਭ ਤੋਂ ਵੱਧ 13.74 ਲੱਖ ਰੁਪਏ ਦਾ ਬਕਾਇਆ ਡੇਰਾ ਸਿਰਸਾ ਵਿੱਚ ਚੇਅਰਮੈਨ ਦੇ ਨਾਂ ’ਤੇ ਚੱਲ ਰਹੇ ਕੁਨੈਕਸ਼ਨ ਦਾ ਹੈ। ਡੇਰਾ ਸਿਰਸਾ ਮੈਨੇਜਮੈਂਟ ਵੱਲੋਂ ਚਲਾਏ ਜਾ ਰਹੇ ਸ਼ਾਹ ਸਤਨਾਮ ਸੁਪਰ ਸਪੈਸ਼ਲਿਟੀ ਹਸਪਤਾਲ ਨੇ 1,76, 274 ਰੁਪਏ ਦਾ ਬਿੱਲ ਅਦਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਹਸਪਤਾਲ ਦਾ ਕੁਨੈਕਸ਼ਨ ਨਹੀਂ ਕੱਟਿਆ ਗਿਆ।
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਹੋਣ ਕਾਰਨ ਇੱਕ ਮਹੀਨੇ ਵਿੱਚ ਡੇਰੇ ਦਾ ਪ੍ਰਬੰਧ ਲੀਹੋਂ ਲੱਥ ਗਿਆ ਹੈ। ਡੇਰੇ ਵਿੱਚ ਕੁਝ ਹੀ ਸੇਵਾਦਾਰ ਬਚੇ ਹਨ ਅਤੇ ਕਾਰਖਾਨੇ, ਦੁਕਾਨਾਂ, ਹੋਟਲ, ਰੇਸਤਰਾਂ ਸਭ ਬੰਦ ਪਏ ਹਨ। ਅਜਿਹੀ ਹਾਲਤ ਵਿੱਚ ਇੱਥੇ ਚੱਲ ਰਹੇ ਘਰੇਲੂ ਅਤੇ ਉਦਯੋਗਿਕ ਇਕਾਈਆਂ ਦੇ ਬਿੱਲ ਨਹੀਂ ਭਰੇ ਜਾ ਰਹੇ, ਜਿਸ ਕਾਰਨ ਬਿਜਲੀ ਨਿਗਮ ਨੇ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਨਿਗਮ ਦੇ ਐਸ.ਈ. ਪੀ.ਕੇ. ਚੌਹਾਨ ਨੇ ਦੱਸਿਆ ਕਿ ਫਿਲਹਾਲ ਡੇਰੇ ਵਿੱਚ ਘਰੇਲੂ ਕੁਨੈਕਸ਼ਨ ਚੱਲ ਰਹੇ ਹਨ ਅਤੇ ਕਰੀਬ 21 ਉਦਯੋਗਿਕ ਇਕਾਈਆਂ ਦੇ ਬਿਜਲੀ ਕੁਨੈਕਸ਼ਨ ਕੱਟੇ ਦਿੱਤੇ ਗਏ ਹਨ।