ਪੰਜਾਬ ਰੋਡਵੇਜ਼ ਵੱਲੋਂ ਅੰਤਰਰਾਜੀ ਬੱਸ ਸੇਵਾ ਬੰਦ ਰੱਖਣ ਦਾ ਫੈਸਲਾ; ਔਰਬਿਟ ਵੀ ਸੜਕਾਂ ਤੋਂ ਰਹੇਗੀ ਗਾਇਬ
ਬਠਿੰਡਾ, 24 ਅਗਸਤ
ਮਾਲਵਾ ਖ਼ਿੱਤੇ ਵਿੱਚ 25 ਅਗਸਤ ਨੂੰ ਪੀਆਰਟੀਸੀ ਦੀ ਬੱਸ ਸੇਵਾ ਮੁਕੰਮਲ ਤੌਰ ’ਤੇ ਬੰਦ ਰਹੇਗੀ। ਪੀਆਰਟੀਸੀ ਨੇ ਬਠਿੰਡਾ, ਬੁਢਲਾਡਾ, ਸੰਗਰੂਰ ਅਤੇ ਬਰਨਾਲਾ ਡਿਪੂ ਨੂੰ ਇੱਕ ਦਿਨ ਲਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਅੰਤਰਰਾਜੀ ਬੱਸ ਸੇਵਾ 24 ਅਗਸਤ ਨੂੰ ਦੁਪਹਿਰ ਮਗਰੋਂ ਹੀ ਬੰਦ ਹੋ ਜਾਵੇਗੀ।
ਦੱਸਣਯੋਗ ਹੈ ਕਿ ਜਦੋਂ ਮਈ 2007 ਵਿੱਚ ਡੇਰਾ ਮਾਮਲਾ ਭਖ਼ਿਆ ਸੀ ਤਾਂ ਉਦੋਂ ਪੀਆਰਟੀਸੀ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ। ਕਈ ਥਾਵਾਂ ’ਤੇ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਇੱਕ ਏਸੀ ਬੱਸ ਵੀ ਜਲਾ ਦਿੱਤੀ ਗਈ ਸੀ। ਇਸੇ ਨੁਕਸਾਨ ਕਰ ਕੇ ਕਾਰਪੋਰੇਸ਼ਨ ਹੁਣ ਚੌਕਸ ਹੋ ਗਈ ਹੈ।
ਪੀਆਰਟੀਸੀ ਦਾ 25 ਅਗਸਤ ਨੂੰ 40 ਫੀਸਦੀ ਕੰਮਕਾਜ ਬੰਦ ਰਹੇਗਾ। ਹਰਿਆਣਾ ਨੇੜੇ ਪੈਂਦੇ ਡਿਪੂਆਂ ਵਿੱਚੋਂ ਕੋਈ ਵੀ ਬੱਸ ਬਾਹਰ ਨਹੀਂ ਨਿਕਲੇਗੀ। ਬਠਿੰਡਾ-ਡੱਬਵਾਲੀ ਬੱਸ ਸੇਵਾ ਮੁਕੰਮਲ ਬੰਦ ਰਹੇਗੀ। ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਲੰਮੇ ਰੂਟ ਦੀਆਂ ਬੱਸਾਂ ਤਾਂ 24 ਅਗਸਤ ਤੋਂ ਵਾਪਸ ਹੋ ਜਾਣੀਆਂ ਹਨ ਅਤੇ ਅੰਤਰਰਾਜੀ ਬੱਸਾਂ ਨੂੰ ਵੀ ਭਲਕ ਤੋਂ ਬੰਦ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਡਿਪੂ ਦੀ ਸੁਰੱਖਿਆ ਲਈ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਔਰਬਿਟ ਬੱਸ ਕੰਪਨੀ ਨੇ ਵੀ ਆਪਣੀਆਂ ਬੱਸਾਂ 25 ਅਗਸਤ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਵੇਂ ਪੰਜਾਬ ਰੋਡਵੇਜ਼ ਵੱਲੋਂ ਵੀ 25 ਅਗਸਤ ਨੂੰ ਅੰਤਰਰਾਜੀ ਬੱਸ ਸੇਵਾ ਬੰਦ ਰੱਖੀ ਜਾਵੇਗੀ, ਜਿਸ ਵਿੱਚ ਸ਼ਿਮਲਾ, ਦਿੱਲੀ, ਅੰਬਾਲਾ, ਸਿਰਸਾ ਅਤੇ ਡੱਬਵਾਲੀ ਦੇ ਰੂਟ ਸ਼ਾਮਲ ਹਨ। ਮੁਕਤਸਰ ਡਿਪੂ ਨੂੰ ਹਦਾਇਤ ਕੀਤੀ ਗਈ ਹੈ ਕਿ ਹਾਲਾਤ ਦੇ ਹਿਸਾਬ ਨਾਲ ਮੌਕੇ ’ਤੇ ਫੈਸਲਾ ਲੈ ਲਿਆ ਜਾਵੇ।
ਸਟੇਟ ਟਰਾਂਸਪੋਰਟ ਦੇ ਡਾਇਰੈਕਟਰ ਭੁਪਿੰਦਰ ਸਿੰਘ ਰਾਏ ਦਾ ਕਹਿਣਾ ਹੈ ਕਿ ਅੰਤਰਰਾਜੀ ਰੂਟਾਂ ’ਤੇ ਰੋਡਵੇਜ਼ ਦੀ ਬੱਸ ਨਹੀਂ ਚੱਲੇਗੀ ਅਤੇ ਭਲਕੇ ਰੀਵਿਊ ਮੀਟਿੰਗ ਕੀਤੀ ਜਾ ਰਹੀ ਹੈ। ਆਮ ਲੋਕਾਂ ਦੀ ਸਹੂਲਤ ਦਾ ਖਿਆਲ ਵੀ ਰੱਖਿਆ ਜਾਵੇਗਾ।
ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਾਰ ਡਿਪੂ 25 ਅਗਸਤ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਮਾਲੀ ਤੌਰ ’ਤੇ ਵੀ ਸੱਟ ਵੱਜੇਗੀ। ਉਨ੍ਹਾਂ ਆਖਿਆ ਕਿ ਉਹ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ ਹਨ ਅਤੇ ਅੰਤਰਰਾਜੀ ਬੱਸ ਸੇਵਾ ਵੀ ਬੰਦ ਰੱਖੀ ਜਾਵੇਗੀ।