ਡੇਂਗੂ, ਮਲੇਰੀਆਂ ਬਾਰੇ ਆਮ ਲੋਕਾਂ ਦਾ ਜਾਗਰੂਕ ਹੋਣਾ ਜ਼ਰੂਰੀ: ਡਿਪਟੀ ਕਮਿਸ਼ਨਰ
ਫ਼ਿਰੋਜ਼ਪੁਰ 11 ਨਵੰਬਰ 2020.
ਡੇਂਗੂ, ਮਲੇਰੀਆ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਸਬੰਧੀ ਜ਼ਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ. ਗੁਰਪਾਲ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਹੋਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਡੇਂਗੂ, ਮਲੇਰੀਆਂ ਅਤੇ ਹੋਰ ਵੈਕਟਰ ਬੌਰਨ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਰਾਜਦੀਪ ਕੌਰ, ਸਹਾਇਕ ਕਮਿਸ਼ਨਰ ਸ੍ਰ. ਰਵਿੰਦਰ ਸਿੰਘ ਅਰੋੜਾ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਂਗੂ ਅਤੇ ਮਲੇਰੀਆਂ ਦੀ ਰੋਕਥਾਮ ਅਤੇ ਇਸ ਦੇ ਲੱਛਣਾਂ ਸਬੰਧੀ ਆਮ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਡੇਂਗੂ, ਮਲੇਰੀਆਂ ਅਤੇ ਹੋਰ ਬੌਰਨ ਬਿਮਾਰੀਆਂ ਦੀ ਰੋਕਥਾਮ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸਮੂਹ ਨਗਰ ਕੌਸਲਾਂ ਨੁੰ ਆਪਣੇ ਏਰੀਏ ਵਿੱਚ ਫੋਗਿੰਗ ਕਰਵਾਉਣ ਲਈ ਕਿਹਾ ਅਤੇ ਆਮ ਲੋਕਾਂ ਨੂੰ ਟੀਮਾਂ ਬਣਾ ਕੇ ਇਨ੍ਹਾਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਕਿਹਾ। ਉਨ੍ਹਾਂ ਕਿਹਾ ਹਫ਼ਤੇ ਵਿੱਚ ਇਕ ਵਾਰ ਕੂਲਰ, ਏ.ਸੀ., ਫਰਿੱਜ਼ਾਂ ਦੀਆਂ ਟਰੇਆਂ ਅਤੇ ਹੋਰੀ ਪਾਣੀ ਦੇ ਕਨਟੇਨਰ ਆਦਿ ਜ਼ਰੂਰੀ ਸਾਫ ਕਰਨ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਕੂਲਾਂ ਵਿੱਚ ਆਨਲਾਈਨ ਮਾਧਿਅਮ ਰਾਹੀਂ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕਰਨ। ਉਨ੍ਹਾਂ ਜਲ-ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿੱਥੇ ਕਿਤੇ ਵੀ ਪਾਣੀ ਦੀ ਲੀਕੇਜ਼ ਹੁੰਦੀ ਹੈ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਲਗਾਤਾਰ ਸਰਵੇ ਕੀਤਾ ਜਾਵੇ ਕੇ ਤਾਂ ਜੋ ਪਾਣੀ ਦੀ ਲੀਕੇਜ਼ ਨਾ ਹੋਵੇ।
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਕਿ ਜਾਵੇ ਕਿ
ਵਰਤੋਂ ਵਿੱਚ ਨਾ ਆਉਣ ਵਾਲੇ ਛੱਪੜਾਂ ਅਤੇ ਪਾਣੀ ਦੇ ਟੋਇਆਂ ਨੂੰ ਹਰ ਹਫ਼ਤੇ ਵਿੱਚ ਇਕ ਵਾਰ ਕਾਲੇ ਤੇਲ ਨਾਲ ਜ਼ਰੂਰ ਟਰੀਟ ਕਰਨ। ਉਨ੍ਹਾਂ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੱਸ ਸਟੈਂਡ, ਵਰਕਸ਼ਾਪ ਅਤੇ ਆਪਣੇ ਅਧੀਨ ਆਉਣ ਵਾਲੀਆਂ ਸੰਸਥਾਵਾਂ ਦੀਆਂ ਛੱਤਾਂ ਦੇ ਉਪਰ ਟਾਇਰ ਜਾਂ ਹੋਰ ਕੋਈ ਕੰਡਮ ਸਮਾਨ ਨਾ ਪਿਆ ਹੋਵੇ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਆਲ਼ੇ ਦੁਆਲੇ ਨੂੰ ਸਫਾਈ ਰੱਖਣ, ਪਾਣੀ ਨੂੰ ਖੜ੍ਹੇ ਨਾ ਹੋਣ ਦੇਣ , ਆਪਣੇ ਘਰਾਂ ਦੀਆ ਛੱਤਾਂ, ਗਮਲੇ, ਕੂਲਰ, ਫ਼ਰਿਜ ਦੀਆ ਟਰੇਆਂ ਆਦਿ ਨੂੰ ਸਮੇਂ-ਸਮੇਂ ਤੇ ਸਾਫ਼ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਸ਼ੁੱਕਰਵਾਰ ਨੂੰ ਡਰਾਈ-ਡੇ ਘੋਸ਼ਿਤ ਕੀਤਾ ਗਿਆ ਹੈ ਇਸ ਦੀ ਪਾਲਣਾ ਕੀਤੀ ਜਾਵੇ ਜੇਕਰ ਕਿਸੇ ਘਰ, ਦੁਕਾਨ ਜਾਂ ਸੰਸਥਾ ਤੋ ਡੇਂਗੂ ਦਾ ਲਾਰਵਾ ਪਾਇਆ ਜਾਂਦਾ ਹੈ ਤਾਂ ਮਿਊਂਸੀਪਲ ਐਕਟ 1911 ਦੀ ਧਾਰਾ 211,219 ਦੇ ਤਹਿਤ ਚਲਾਨ ਅਤੇ ਜੁਰਮਾਨਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੰਜੀਵ ਗੁਪਤਾ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਮਰੀਜ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨਿਆ ਬੁਖਾਰ ਦੇ ਲੱਛਣ ਹੁੰਦੇ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਕਰਵਾਏ ਜੋ ਕਿ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਕਾਰਜ ਸਾਧਕ ਅਫ਼ਸਰ ਸ੍. ਪਰਮਿੰਦਰ ਸਿੰਘ ਸੁਖੀਜਾ, ਸੈਨਟਰੀ ਇੰਸਪੈਕਟਰ ਫ਼ਿਰੋਜ਼ਪੁਰ ਸ਼੍ਰੀ ਸੁਖਪਾਲ ਸਿੰਘ, ਸਿਹਤ ਵਿਭਾਗ ਦੇ ਦੇ ਅਧਿਕਾਰੀ ਅਤੇ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।