ਮੁੰਬਈ:ਫਿਲਮ ‘ਗਲੀ ਬੁਆਏ’ ਵਿੱਚ ਰੈਪਰ ਐਮਸੀ ਸ਼ੇਰ ਦੇ ਕਿਰਦਾਰ ਤੋਂ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਅਦਾਕਾਰ ਸਿਧਾਂਤ ਚਤੁਰਵੇਦੀ ਹੁਣ ‘ਬੰਟੀ ਔਰ ਬਬਲੀ-2’ ਵਿੱਚ ਦਿਖਾਈ ਦੇਵੇਗਾ। ਹਾਲਾਂਕਿ ਕਾਮੇਡੀ ਫਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਾ ਸ਼ੁਰੂ ਤੋਂ ਹੀ ਕੋਈ ਸੁਖਾਲਾ ਕੰਮ ਨਹੀਂ ਰਿਹਾ। ਇਹੀ ਸਥਿਤੀ ਸਿਧਾਂਤ ਦੀ ਵੀ ਹੈ। ਫਿਲਮ ਵਿੱਚ ਨਵੇਂ ‘ਬੰਟੀ’ ਦਾ ਕਿਰਦਾਰ ਨਿਭਾਉਣ ਵਾਲੇ ਇਸ ਅਦਾਕਾਰ ਨੇ ਦੱਸਿਆ ਕਿ ਗੀਤ ‘ਲਵ ਜੂ’ ਲਈ ਅਦਾਕਾਰਾ ਸ਼ਰਵਰੀ ਨਾਲ ਸ਼ੂਟਿੰਗ ਦੌਰਾਨ ਉਸ ਨੂੰ ਡੂੰਘੇ ਪਾਣੀਆਂ ਪ੍ਰਤੀ ਆਪਣੇ ਡਰ ’ਤੇ ਕਾਬੂ ਪਾਇਆ। ਇਸ ਵਾਕੇ ਬਾਰੇ ਦੱਸਦਿਆਂ ਅਦਾਕਾਰ ਨੇ ਕਿਹਾ, ‘ਅਸਲ ਵਿੱਚ ਕਿਸੇ ਨੂੰ ਵੀ ਨਹੀਂ ਪਤਾ ਕਿ ਮੈਨੂੰ ਡੂੰਘੇ ਪਾਣੀ ’ਚ ਜਾਣ ਤੋਂ ਡਰ ਲੱਗਦਾ ਸੀ। ਇਸ ਲਈ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਗੀਤ ‘ਲਵ ਜੂ’ ਲਈ ਸ਼ਰਵਰੀ ਤੇ ਮੈਂ ਡੂੰਘੇ ਪਾਣੀ ’ਚ ਸ਼ੂਟਿੰਗ ਕਰਨੀ ਹੈ ਤਾਂ ਮੈਂ ਬਹੁਤ ਡਰ ਗਿਆ ਸੀ ਪਰ ਮੈਂ ਆਪਣੇ ਮਾਤਾ-ਪਿਤਾ ਤੋਂ ਸਿੱਖਿਆ ਹੈ ਕਿ ਜੇਕਰ ਤੁਸੀਂ ਕਿਸੇ ਚੀਜ਼ ਤੋਂ ਡਰਦੇ ਹੋ ਤਾਂ ਤੁਹਾਨੂੰ ਉਸ ਦਾ ਸਾਹਮਣਾ ਕਰਕੇ ਉਸ ’ਤੇ ਜਿੱਤ ਹਾਸਲ ਕਰਨੀ ਹੋਵੇਗੀ।’ ਸਿਧਾਂਤ ਨੇ ਦੱਸਿਆ, ‘ਆਪਣੇ ਡਰ ਦੇ ਬਾਵਜੂਦ ਮੈਂ ਇਸ ਗੀਤ ਦੀ ਸ਼ੂਟਿੰਗ ਤੋਂ ਪਹਿਲਾਂ ਤੈਰਾਕੀ ਸਿੱਖਣੀ ਸ਼ੁਰੂ ਕੀਤੀ। ਤੈਰਾਕੀ ਸਿੱਖਣ ਨਾਲ ਹੌਲੀ ਹੌਲੀ ਮੈਂ ਪਾਣੀ ਵਿੱਚ ਸਹਿਜ ਮਹਿਸੂਸ ਕਰਨ ਲੱਗਿਆ ਤੇ ਗਹਿਰਾਈ ਵਿੱਚ ਜਾਣ ਲਈ ਤਿਆਰ ਹੋਇਆ।’ ਅਦਾਕਾਰ ਨੇ ਦੱਸਿਆ ਕਿ ਲਗਾਤਾਰ ਤੈਰਾਕੀ ਸਿੱਖਣ ਕਾਰਨ ਉਹ ਇਸ ਗੀਤ ਦੀ ਸ਼ੂਟਿੰਗ ਸ਼ੁਰੂ ਹੋਣ ਤੱਕ ਬਿਲਕੁਲ ਤਿਆਰ ਹੋ ਸਕਿਆ। ਸਿਧਾਂਤ ਨੇ ਕਿਹਾ, ‘ਆਪਣੇ ਬਚਪਨ ਦੇ ਇਸ ਡਰ ’ਤੇ ਕਾਬੂ ਪਾਉਣਾ, ਮੇਰੇ ਲਈ ਇੱਕ ਵੱਡੀ ਪ੍ਰਾਪਤੀ ਹੈ।’