ਅਣਪਛਾਤਿਆਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ ਲਾਈ
ਬਠਿੰਡਾ, ਪੌਣੇ ਤਿੰਨ ਸਾਲਾਂ ਬਾਅਦ ਅੱਜ ਫਰੀਦਕੋਟ ਪੁਲੀਸ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਕੋਟਕਪੂਰਾ (ਸ਼ਹਿਰੀ) ਥਾਣੇ ’ਚ ਅਣਪਛਾਤਿਆਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਹੈ ਜਦਕਿ ਬਹਿਬਲ ਕਲਾਂ ਗੋਲੀ ਕਾਂਡ ਕੇਸ ‘ਚ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਲ ਗਿਆ ਹੈ। ਅੱਜ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ‘ਚ ਦੁਪਹਿਰ ਮਗਰੋਂ ਇਰਾਦਾ ਕਤਲ ਦਾ ਪੁਲੀਸ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਪਤਾ ਚੱਲਿਆ ਹੈ ਕਿ ਕੋਟਕਪੂਰਾ ਥਾਣੇ ਦੇ ਮੁੱਖ ਥਾਣਾ ਅਫ਼ਸਰ ਨੇ ਪੀੜਤਾਂ ਨੂੰ ਬਿਆਨ ਦੇਣ ਲਈ ਬੁਲਾਇਆ। ਗੋਲੀ ਕਾਂਡ ਵਿੱਚ ਜ਼ਖ਼ਮੀ ਹੋਏ ਅਜੀਤ ਸਿੰਘ ਦੇ ਬਿਆਨਾਂ ’ਤੇ ਧਾਰਾ 307 ਤਹਿਤ ਅਣਪਛਾਤਿਆਂ ’ਤੇ ਕੇਸ ਦਰਜ ਕੀਤਾ ਗਿਆ ਹੈ।
ਅਜੀਤ ਸਿੰਘ ਜ਼ਿਲਾ ਬਰਨਾਲਾ ਦਾ ਬਾਸ਼ਿੰਦਾ ਹੈ ਜਿਸ ਦੀ ਲੱਤ ਵਿੱਚ ਇਸ ਘਟਨਾ ਦੌਰਾਨ ਗੋਲੀ ਲੱਗੀ ਸੀ। ਜ਼ਖ਼ਮੀ ਹੋਣ ਕਰ ਕੇ ਉਸ ਦਾ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਇਲਾਜ ਚੱਲਿਆ ਸੀ। ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ ਹੋਏ ਸਨ ਜਿਸ ਤਹਿਤ ਕੋਟਕਪੂਰਾ, ਬਹਿਬਲ ਕਲਾਂ, ਗੋਨਿਆਣਾ ਆਦਿ ਵਿਖੇ ਵੀ ਸਿੱਖ ਸੰਗਤਾਂ ਵੱਲੋਂ ਰੋਸ ਧਰਨੇ ਲਾਏ ਗਏ ਸਨ। ਵੇਰਵਿਆਂ ਅਨੁਸਾਰ ਪੁਲੀਸ ਮੁਖੀ ਨੇ ਅੱਜ ਐੱਸ.ਐੱਸ.ਪੀ ਫ਼ਰੀਦਕੋਟ ਨੂੰ ਚੰਡੀਗੜ੍ਹ ਬੁਲਾਇਆ ਸੀ। ਸੂਤਰਾਂ ਨੇ ਦੱਸਿਆ ਕਿ ਬਹਿਬਲ ਗੋਲੀ ਕਾਂਡ ਦੇ ਸਬੰਧ ਵਿਚ ਬਾਜਾਖਾਨਾ ਥਾਣੇ ਵਿਚ ਦਰਜ ਐਫ.ਆਈ.ਆਰ ਨੰਬਰ 130 ਵਿੱਚ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦਾ ਮਾਮਲਾ ਟਾਲ ਦਿੱਤਾ ਗਿਆ ਹੈ ਜਿਸ ‘ਤੇ ਪੂਰੇ ਸਿੱਖ ਜਗਤ ਦੀ ਨਜ਼ਰ ਲੱਗੀ ਹੋਈ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਵਿਚ ਪੁਲੀਸ ਅਫਸਰਾਂ ਦੇ ਨਾਮ ਵੀ ਜ਼ਾਹਰ ਕਰ ਚੁੱਕੇ ਸਨ। ਸੂਤਰਾਂ ਅਨੁਸਾਰ ਹੁਣ ਪੁਲੀਸ ਅਫ਼ਸਰਾਂ ਨੂੰ ਨਾਮਜ਼ਦ ਕੀਤੇ ਜਾਣ ਦੇ ਮਾਮਲੇ ’ਤੇ ਅੰਦਰੋ ਅੰਦਰੀਂ ਮੋੜਾ ਕੱਟ ਲਿਆ ਹੈ। ਦੱਸਣਯੋਗ ਹੈ ਕਿ ਕੋਟਕਪੂਰਾ ਚੌਕ ਵਿੱਚ ਜਦੋਂ ਸਿੱਖ ਸੰਗਤਾਂ ਰੋਸ ਵਜੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਦੀ ਅਗਵਾਈ ਹੇਠ ਧਰਨਾ ਦੇ ਰਹੀਆਂ ਸਨ ਤਾਂ ਪੁਲੀਸ ਨੇ 14 ਅਕਤੂਬਰ 2015 ਨੂੰ ਸਵੇਰੇ 6.40 ਵਜੇ ਫਾਇਰਿੰਗ ਕਰ ਦਿੱਤੀ ਅਤੇ ਅੱਥਰੂ ਗੈਸ ਵਰ੍ਹਾਈ ਸੀ ਜਿਸ ਵਿਚ ਇੱਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਦਕਿ ਤਿੰਨ-ਚਾਰ ਹੋਰ ਫੱਟੜ ਹੋਏ ਸਨ। ਫ਼ਰੀਦਕੋਟ ਪੁਲੀਸ ਨੇ ਉਦੋਂ ਉਲਟਾ ਪੁਲੀਸ ਮੁਲਾਜ਼ਮਾਂ ਦੇ ਬਿਆਨਾਂ ‘ਤੇ 11 ਸਿੱਖ ਕਾਰਕੁਨਾਂ ‘ਤੇ ਥਾਣਾ ਸਿਟੀ ਕੋਟਕਪੂਰਾ ਵਿਚ ਐਫ.ਆਈ.ਆਰ ਨੰਬਰ 192 ਦਰਜ ਕਰ ਲਈ ਸੀ। ਉਦੋਂ ਅੰਦੋਲਨਕਾਰੀਆਂ ਦੀ ਕੋਈ ਸੁਣਵਾਈ ਨਾ ਹੋਈ ਅਤੇ ਨਾ ਹੀ ਕੋਈ ਕੇਸ ਦਰਜ ਹੋਇਆ ਸੀ। ਉਸੇ ਦਿਨ ਬਹਿਬਲ ਕਲਾਂ ਦੇ ਧਰਨੇ ਦੌਰਾਨ ਪੁਲੀਸ ਫਾਇਰਿੰਗ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ ਸਨ। ਵੇਰਵਿਆਂ ਅਨੁਸਾਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਕੋਟਕਪੂਰਾ/ਬਹਿਬਲ ਗੋਲੀ ਕਾਂਡ ਮਾਮਲੇ ‘ਚ ਕੋਟਕਪੂਰਾ ਵਿੱਚ ਐਫ.ਆਈ.ਆਰ. ਨੰਬਰ 129 ਅਤੇ ਬਾਜਾਖਾਨਾ ਵਿਚ ਦਰਜ 130 ਨੰਬਰ ਐਫ.ਆਈ.ਆਰ ਵਿੱਚ 10 ਪੁਲੀਸ ਅਫ਼ਸਰ ਤੇ ਮੁਲਾਜ਼ਮਾਂ ਨੂੰ ਨਾਮਜ਼ਦ ਕੀਤੇ ਜਾਣ ਦੀ ਸਿਫ਼ਾਰਸ਼ ਕੀਤੀ।
ਗ੍ਰਹਿ ਵਿਭਾਗ ਪੰਜਾਬ ਨੇ ਹਫ਼ਤਾ ਪਹਿਲਾਂ ਡੀ.ਜੀ.ਪੀ ਨੂੰ ਇਹ ਕੇਸ ਦਰਜ ਕੀਤੇ ਜਾਣ ਦੀ ਸਿਫ਼ਾਰਸ਼ ਭੇਜ ਦਿੱਤੀ ਸੀ। ਐਸ.ਐਸ.ਪੀ ਫਰੀਦਕੋਟ ਰਾਜਬਚਨ ਸਿੰਘ ਸੰਧੂ ਦਾ ਕਹਿਣਾ ਸੀ ਕਿ ਕੋਟਕਪੂਰਾ ਕਾਂਡ ‘ਚ ਜ਼ਖ਼ਮੀ ਹੋਏ ਅਜੀਤ ਸਿੰਘ ਦੇ ਬਿਆਨਾਂ ’ਤੇ ਧਾਰਾ 307 ਤਹਿਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਅਜੀਤ ਸਿੰਘ ਨੇ ਪਹਿਲਾਂ ਕਦੇ ਪੁਲੀਸ ਤੱਕ ਪਹੁੰਚ ਨਹੀਂ ਕੀਤੀ ਸੀ ਅਤੇ ਕਮਿਸ਼ਨ ਕੋਲ ਬਿਆਨ ਦਰਜ ਕਰਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਬਾਜਾਖਾਨਾ ’ਚ ਦਰਜ ਐਫ.ਆਈ.ਆਰ ਨੰਬਰ 130 ਵਿੱਚ ਹੋਰ ਨਾਮਜ਼ਦਗੀ ਸਬੰਧੀ ਕੋਈ ਹਦਾਇਤ ਪ੍ਰਾਪਤ ਨਹੀਂ ਹੋਈ ਹੈ ਅਤੇ ਉਂਜ ਵੀ ਇਹ ਕੇਸ ਹੁਣ ਸੀ.ਬੀ.ਆਈ ਕੋਲ ਹੈ।
ਇਸੇ ਦੌਰਾਨ ਬਰਗਾੜੀ ਇਨਸਾਫ਼ ਮੋਰਚਾ ਦੇ ਪ੍ਰਬੰਧਕੀ ਮੈਂਬਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਕਹਿਣਾ ਸੀ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਅਣਪਛਾਤਿਆਂ ਖ਼ਿਲਾਫ਼ ਦਰਜ ਕੇਸ ਮਨਜ਼ੂਰ ਨਹੀਂ ਹੈ ਕਿਉਂਕਿ ਗੋਲੀ ਕਾਂਡ ਦੀ ਬਣੀ ਵੀਡੀਓ ਵਿੱਚ ਗੋਲੀ ਚਲਾਉਣ ਵਾਲੇ ਅਫ਼ਸਰ ਤੇ ਮੁਲਾਜ਼ਮ ਸਾਫ਼ ਨਜ਼ਰ ਆ ਰਹੇ ਹਨ ਜਿਸ ਕਰ ਕੇ ਕੋਟਕਪੂਰਾ ਥਾਣੇ ਵਿਚ ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਜਾਵੇ। ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਉਨ੍ਹਾਂ ਦਾ ਮੋਰਚਾ ਜਾਰੀ ਰਹੇਗਾ।