ਬਠਿੰਡਾ : ਬਠਿੰਡਾ ਦੇ ਪਿੰਡ ਗੁਰਥੜੀ ਨੇੜੇ ਮੁੱਖ ਸੜਕ ‘ਤੇ ਅੱਜ ਇੱਕ ਵੱਡਾ ਹਾਦਸਾ ਹੋਇਆ। ਸੰਘਣੀ ਧੁੰਦ ਕਾਰਨ ਫਾਰਚੂਨਰ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਗੁਜਰਾਤ ਪੁਲਿਸ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਕਾਰ ਸਵਾਰ ਬਠਿੰਡਾ ਤੋਂ ਡੱਬਵਾਲੀ ਵੱਲ ਜਾ ਰਹੇ ਸਨ। ਇਹ ਸਾਰੇ ਗੁਜਰਾਤ ਦੇ ਬਨਾਸਕਾਂਠਾ ਦੇ ਰਹਿਣ ਵਾਲੇ ਸਨ ਅਤੇ 25 ਤੋਂ 30 ਸਾਲ ਦੀ ਉਮਰ ਦੇ ਸਨ।

ਗੁਜਰਾਤ ਪੁਲਿਸ ਦੀ ਮਹਿਲਾ ਅਮਿਤਾ, ਅੰਕੁਸ਼, ਭਰਤ, ਚੇਤਨ ਅਤੇ ਸਤੀਸ਼ ਨਾਲ ਇੱਕ ਫਾਰਚੂਨਰ ਵਿੱਚ ਬਠਿੰਡਾ ਤੋਂ ਗੁਜਰਾਤ ਜਾ ਰਹੀ ਸੀ। ਤੇਜ਼ ਰਫ਼ਤਾਰ ਕਾਰਨ, ਗੱਡੀ ਗੁਰਥੜੀ ਪਿੰਡ ਨੇੜੇ ਮੁੱਖ ਹਾਈਵੇਅ ‘ਤੇ ਇੱਕ ਡਿਵਾਈਡਰ ਨਾਲ ਟਕਰਾ ਗਈ।ਪੁਲਿਸ ਸੁਪਰਡੈਂਟ ਨਰਿੰਦਰ ਸਿੰਘ ਨੇ ਕਿਹਾ ਕਿ ਇਹ ਸ਼ਿਮਲਾ ਗਏ ਸਨ। ਵਾਪਸ ਆਉਂਦੇ ਸਮੇਂ, ਬਠਿੰਡਾ ਵਿੱਚ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਗਈ। ਪੰਜਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਹਾਦਸੇ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਦਸੇ ‘ਤੇ ਦੁੱਖ ਜਤਾਇਆ ਹੈ ਅਤੇ ਲੋਕਾਂ ਨੂੰ ਧੁੰਦ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ “ਅੱਜ ਸਵੇਰੇ ਸੰਘਣੀ ਧੁੰਦ ਕਾਰਨ ਬਠਿੰਡਾ ਦੇ ਪਿੰਡ ਗੁਰਥੜੀ ਨੇੜੇ ਵੱਡਾ ਸੜਕ ਹਾਦਸਾ ਹੋਇਆ ਹੈ। ਜਿੱਥੇ ਫਾਰਚੂਨਰ ਗੱਡੀ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਗੁਜਰਾਤ ਦੀ ਮਹਿਲਾ ਪੁਲਿਸ ਮੁਲਾਜ਼ਮ ਸਮੇਤ 5 ਲੋਕਾਂ ਦੀ ਮੌਤ ਦੀ ਖ਼ਬਰ ਹੈ। SSF ਦੀ ਟੀਮ ਮੌਕੇ ‘ਤੇ ਪਹੁੰਚੀ। ਮੈਂ ਪ੍ਰਸ਼ਾਸਨ ਨੂੰ ਤੁਰੰਤ ਤਫ਼ਤੀਸ਼ ਕਰਨ ਲਈ ਕਿਹਾ ਹੈ ਤੇ ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ ‘ਚ ਹਾਂ। ਸਾਰਿਆਂ ਨੂੰ ਅਪੀਲ ਹੈ ਕਿ ਸੰਘਣੀ ਧੁੰਦ ਕਾਰਨ ਸਫ਼ਰ ਦੌਰਾਨ ਬਚਾਅ ਰੱਖੀਏ, ਹਰ ਜਾਨ ਕੀਮਤੀ ਹੈ, ਸੜਕਾਂ ‘ਤੇ ਸਾਵਧਾਨੀ ਵਰਤੀਏ।”