ਅਮਰੀਕਾ ਤੋਂ ਡਿਪੋਰਟ ਕੀਤੇ ਗਏ ਮੋਹਾਲੀ ਦੇ ਇਕ ਨੌਜਵਾਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅੰਬਾਲਾ ਦੇ ਦੋ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਗੁਰਜਿੰਦਰ ਅੰਟਾਲ ਅਤੇ ਮੁਕੁਲ ਵਾਸੀ ਅੰਬਾਲਾ ਕੈਂਟ ਵਜੋਂ ਹੋਈ ਹੈ। ਦੋਵਾਂ ਏਜੰਟਾਂ ਨੇ ਨੌਜਵਾਨ ਨੂੰ 45 ਲੱਖ ਰੁਪਏ ਲੈ ਕੇ ਅਮਰੀਕਾ ਭੇਜ ਦਿੱਤਾ ਸੀ। ਪੀੜਤ ਦਾ ਦੋਸ਼ ਹੈ ਕਿ ਜਦੋਂ ਉਹ 4 ਮਹੀਨੇ ਤੱਕ ਰਸਤੇ ‘ਚ ਫਸਿਆ ਰਿਹਾ ਤਾਂ ਉਸ ਨੇ ਉਨ੍ਹਾਂ ਨੂੰ ਭਾਰਤ ਵਾਪਸ ਭੇਜਣ ਦੀ ਗੱਲ ਕਿਹਾ।

ਇਸ ‘ਤੇ ਏਜੰਟਾਂ ਨੇ ਆਡੀਓ ਮੈਸੇਜ ਭੇਜ ਕੇ ਕਿਹਾ ਕਿ ਹੁਣ ਤਾਂ ਜਾਣਾ ਹੀ ਪਏਗਾ, ਪਿੱਛੇ ਮੁੜਨ ਦਾ ਤਾਂ ਸਵਾਲ ਨਹੀਂ ਹੈ। ਦੋਸ਼ੀ ਨੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਹੀ ਸਾਰੀ ਰਕਮ ਲੈ ਲਈ ਸੀ। ਉਸ ਨੇ ਇਸ ਸਬੰਧੀ ਸਾਰੇ ਸਬੂਤ ਪੁਲਿਸ ਨੂੰ ਸੌਂਪ ਦਿੱਤੇ ਹਨ। ਦੋਸ਼ੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 143, 316 (2), 318 (4) ਤਹਿਤ ਕੇਸ ਦਰਜ ਕੀਤਾ ਗਿਆ ਹੈ। ਤਰਨਵੀਰ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲਿਸ ਹੁਣ ਇਸ ਮਾਮਲੇ ਵਿੱਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਤਰਨਵੀਰ ਸਿੰਘ ਦੀ ਸ਼ਿਕਾਇਤ ‘ਚ ਮੁੱਖ ਤੌਰ ‘ਤੇ ਚਾਰ ਨੁਕਤਿਆਂ ਦਾ ਜ਼ਿਕਰ ਕੀਤਾ ਗਿਆ ਹੈ।

1. ਇੱਕ ਦੋਸਤ ਰਾਹੀਂ ਏਜੰਟਾਂ ਨੂੰ ਮਿਲਿਆ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਤਰਨਵੀਰ ਨੇ ਦੱਸਿਆ ਹੈ ਕਿ ਦੋਵੇਂ ਦੋਸ਼ੀ ਗੁਰਜਿੰਦਰ ਅੰਟਾਲ ਅਤੇ ਮੁਕੁਲ ਬਿਜ਼ਨੈਸ ਪਾਰਟਨਰ ਹਨ। ਉਹ ਆਪਣੇ ਦੋਸਤ ਗੁਰਸ਼ਰਨ ਸਿੰਘ ਵਾਸੀ ਬੂਥਗੜ੍ਹ ਰਾਹੀਂ ਦੋਸ਼ੀ ਨੂੰ ਮਿਲਿਆ। ਦੋਸ਼ੀ ਗੁਰਜਿੰਦਰ ਉਸ ਦੇ ਦੋਸਤ ਦਾ ਦੂਰ ਦਾ ਰਿਸ਼ਤੇਦਾਰ ਹੈ। 10 ਜੁਲਾਈ 2024 ਨੂੰ ਉਸ ਨੇ ਦੋਵਾਂ ਦੋਸ਼ੀਆਂ ਨੂੰ ਆਪਣਾ ਪਾਸਪੋਰਟ ਦੇ ਦਿੱਤਾ।

ਗੁਰਜਿੰਦਰ ਸਿੰਘ ਨੇ ਉਸ ਨੂੰ ਕਿਹਾ ਸੀ ਕਿ ਉਹ ਉਸ ਨੂੰ ਫਲਾਈਟ ਰਾਹੀਂ ਅਮਰੀਕਾ ਭੇਜ ਦੇਵੇਗਾ। ਇੰਨਾ ਹੀ ਨਹੀਂ ਉਸ ਦੇ ਉੱਥੇ ਕੰਮ ਕਰਨ ਦਾ ਵੀ ਇੰਤਜ਼ਾਮ ਕਰਾਂਗੇ। ਉਸ ਦੇ ਉੱਥੇ ਚੰਗੇ ਸਬੰਧ ਹਨ। ਇਸ ਦੇ ਲਈ ਉਸ ਨੂੰ 45 ਲੱਖ ਰੁਪਏ ਦੇਣੇ ਹੋਣਗੇ।

2. ਮੈਕਸੀਕੋ ਦੇ ਜੰਗਲਾਂ ‘ਚ 4 ਮਹੀਨਿਆਂ ਤੋਂ ਫਸਿਆ ਰਿਹਾ

ਇਸ ਤੋਂ ਬਾਅਦ ਉਸ ਨਾਲ ਡੀਲ ਹੋਈ। ਜਦੋਂ ਉਹ ਕੋਲੰਬੀਆ ਪਹੁੰਚਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀਆਂ ਨੂੰ 18 ਲੱਖ ਰੁਪਏ ਦਿੱਤੇ ਗਏ। ਇਸ ਤੋਂ ਬਾਅਦ ਜਦੋਂ ਉਹ ਮੈਕਸੀਕੋ ਪਹੁੰਚਿਆ ਤਾਂ ਦੋਸ਼ੀ ਉਸ ਦੇ ਘਰ ਆਇਆ ਅਤੇ ਉਸ ਦੇ ਪਿਤਾ ਤੋਂ ਬਾਕੀ ਰਕਮ ਲੈ ਗਿਆ। ਸਫ਼ਰ ਦੌਰਾਨ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ 4 ਮਹੀਨੇ ਕੋਲੰਬੀਆ ਵਿਚ ਰਹਿਣਾ ਪਿਆ।

ਜਿਸ ਬਾਰੇ ਉਸ ਨੇ ਪਹਿਲਾਂ ਕੁਝ ਨਹੀਂ ਦੱਸਿਆ ਸੀ। ਜਦੋਂ ਉਹ ਉਥੇ ਫਸ ਗਿਆ ਤਾਂ ਉਸ ਨੇ ਕਿਹਾ ਕਿ ਉਹ ਗਲਤ ਤਰੀਕੇ ਨਾਲ ਅਮਰੀਕਾ ਨਹੀਂ ਜਾਣਾ ਚਾਹੁੰਦਾ ਸੀ। ਉਸ ਨੂੰ ਆਪਣੇ ਦੇਸ਼ ਭਾਰਤ ਵਾਪਸ ਬੁਲਾਓ। ਇਸ ‘ਤੇ ਗੁਰਜਿੰਦਰ ਨੇ ਆਡੀਓ ਮੈਸੇਜ ਭੇਜ ਕੇ ਕਿਹਾ ਕਿ ਹੁਣ ਤੈਨੂੰ ਵਾਪਸ ਨਹੀਂ ਬੁਲਾ ਸਕਦੇ, ਤੈਨੂੰ ਉੱਥੇ ਜਾਣਾ ਹੀ ਪਵੇਗਾ।

3. ਕੋਲੰਬੀਆ ਤੱਕ ਦੇ ਪੈਸੇ ਦੇਣ ਨੂੰ ਤਿਆਰ ਸੀ

ਪੀੜਤ ਨੇ ਦੱਸਿਆ ਕਿ ਉਸ ਨੇ ਇਹ ਸਭ ਕੁਝ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਫਿਰ ਉਸ ਦੇ ਪਿਤਾ ਨੇ ਮੁਕੁਲ ਨੂੰ ਆਪਣੇ ਪਿੰਡ ਬੁਲਾਇਆ। ਉਸ ਨੂੰ ਕਿਹਾ ਕਿ ਸਾਡੇ ਪੁੱਤਰ ਨੂੰ ਭਾਰਤ ਵਾਪਸ ਲਿਆਓ। ਅਸੀਂ ਆਪਣੇ ਬੇਟੇ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਨਹੀਂ ਭੇਜਣਾ ਚਾਹੁੰਦੇ। ਇਸ ‘ਤੇ ਮੁਕੁਲ ਦਾ ਜਵਾਬ ਸੀ ਕਿ ਹੁਣ ਉਸ ਨੂੰ ਅੱਗੇ ਵਧਣਾ ਹੋਵੇਗਾ। ਉਸ ਨੂੰ ਕਿਸੇ ਵੀ ਕੀਮਤ ‘ਤੇ ਵਾਪਸ ਨਹੀਂ ਬੁਲਾਇਆ ਜਾ ਸਕਦਾ। ਜਦੋਂ ਕਿ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਉੱਥੇ ਪਹੁੰਚਣ ਲਈ ਜੋ ਵੀ ਖਰਚਾ ਆਇਆ ਹੈ, ਉਹ ਭਾਵੇਂ ਰੱਖ ਲਵੇ ਪਰ ਦੋਸ਼ੀਆਂ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।

4. ਪਰਿਵਾਰ ਵਾਲਿਆਂ ਨੂੰ ਦੱਸਣ ‘ਤੇ ਡੌਂਕਰ ਕਰਦੇ ਸਨ ਤਸ਼ੱਦਦ
ਤਰਨਵੀਰ ਨੇ ਦੱਸਿਆ ਕਿ ਇਸ ਸਫਰ ‘ਚ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਗਲਤ ਤਰੀਕੇ ਨਾਲ ਅਮਰੀਕਾ ਦੀ ਸਰਹੱਦ ਪਾਰ ਕੀਤੀ ਸੀ। ਇਸ ਤੋਂ ਪਹਿਲਾਂ ਉਸ ਨੂੰ ਰਸਤੇ ਵਿਚ ਬਹੁਤ ਤਸੀਹੇ ਦਿੱਤੇ ਗਏ। ਰੋਟੀ-ਪਾਣੀ ਤੋਂ ਬਿਨਾਂ ਕਈ ਦਿਨ ਕੱਟਣੇ ਪਏ। ਜਦੋਂ ਅਸੀਂ ਆਪਣੇ ਪਰਿਵਾਰ ਨੂੰ ਦੱਸਿਆ ਕਿ ਸਾਡੇ ਨਾਲ ਕੀ ਹੋ ਰਿਹਾ ਹੈ, ਤਾਂ ਇਨ੍ਹਾਂ ਦੇ ਟ੍ਰੈਵਲ ਏਜੰਟ ਦੇ ਕਹਿਣ ‘ਤੇ ਡੌਂਕਰ ਸਾਨੂੰ ਮਾਰਦੇ-ਕੁੱਟਦੇ ਸਨ।

ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਉਨ੍ਹਾਹਂ ਨੇ ਇਹ ਗੱਲ ਬਿਲਕੁਲ ਨਹੀਂ ਦੱਸੀ ਸੀ ਕਿ ਰਸਤੇ ਵਿਚ ਉਨ੍ਹਾਂ ਨੂੰ ਪੈਦਲ ਜਾਣਾ ਪਏਗਾ, ਜਾਂ ਫਿਰ ਛੋਟੀ ਕਿਸ਼ਤੀ ਰਾਹੀਂ ਸਫਰ ਕਰਨਾ ਪਏਗਾ। ਉਨ੍ਹਾਂ ਨੂੰ ਤਾਂ ਫਲਾਈਟ ਅਤੇ ਕਰੂਜ਼ ਰਾਹੀਂ ਭੇਜਣ ਦੇ ਸੁਪਨੇ ਦਿਖਾਏ ਗਏ ਸਨ।