ਅੰਮ੍ਰਿਤਸਰ, 8 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਮੁੱਖ ਸਕੱਤਰ ਨਿਯੁਕਤ ਕੀਤੇ ਡਾ. ਰੂਪ ਸਿੰਘ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਹ ਸ਼੍ਰੋਮਣੀ ਕਮੇਟੀ ਦੇ ਤੀਜੇ ਮੁੱਖ ਸਕੱਤਰ ਹਨ ਤੇ ਅਜਿਹੇ ਪਹਿਲੇ ਮੁੱਖ ਸਕੱਤਰ ਹਨ, ਜਿਨ੍ਹਾਂ ਨੂੰ ਮੁਲਾਜ਼ਮ ਸ਼੍ਰੇਣੀ ਵਿੱਚੋਂ ਇਸ ਅਹੁਦੇ ਲਈ ਚੁਣਿਆ ਗਿਆ ਹੈ।
ਡਾ. ਰੂਪ ਸਿੰਘ ਤੋਂ ਪਹਿਲਾਂ ਮਨਜੀਤ ਸਿੰਘ ਕਲਕੱਤਾ ਆਨਰੇਰੀ ਮੁੱਖ ਸਕੱਤਰ ਅਤੇ ਮਗਰੋਂ ਹਰਚਰਨ ਸਿੰਘ ਇਸ ਸੰਸਥਾ ਦੇ ਮੁੱਖ ਸਕੱਤਰ ਰਹੇ ਹਨ। ਡਾ. ਰੂਪ ਸਿੰਘ ਨੂੰ ਸਕੱਤਰ ਤੋਂ ਤਰੱਕੀ ਦੇ ਕੇ ਮੁੱਖ ਸਕੱਤਰ ਬਣਾਇਆ ਗਿਆ ਹੈ। ਡਾ. ਰੂਪ ਸਿੰਘ ਨੇ ਕਿਹਾ ਕਿ ਉਹ ਨਵੀਂ ਜ਼ਿੰਮੇਵਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਡਾ. ਰੂਪ ਸਿੰਘ 1989 ਵਿੱਚ ਸ਼੍ਰੋਮਣੀ ਕਮੇਟੀ ਵਿੱਚ ਇੰਚਾਰਜ ਕੇਡਰ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦੀ ਪਹਿਲੀ ਨਿਯੁਕਤੀ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਵਜੋਂ ਹੋਈ ਸੀ। 1997 ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੇਲੇ ਤਰੱਕੀ ਦੇ ਕੇ ਉਨ੍ਹਾਂ ਨੂੰ ਮੀਤ ਸਕੱਤਰ ਬਣਾਇਆ ਗਿਆ, ਪਰ ਮੁੜ 1999 ਵਿੱਚ ਸਿਆਸੀ ਮੁਫਾਦ ਕਾਰਨ ਤਰੱਕੀ ਵਾਪਸ ਲੈ ਲਈ ਗਈ। ਉਹ 2012 ਵਿੱਚ ਸਕੱਤਰ ਬਣੇ ਸਨ ਤੇ ਹੁਣ ਤਰੱਕੀ ਮਿਲਣ ਮਗਰੋਂ ਸਿੱਖ ਸੰਸਥਾ ਦੇ ਤੀਜੇ ਮੁੱਖ ਸਕੱਤਰ ਬਣੇ ਹਨ। ਦੱਸਣਯੋਗ ਹੈ ਕਿ ਇੱਕ ਪਾਸੇ ਇਸ ਨਵੀਂ ਤਰੱਕੀ ਦੀ ਸ਼ਲਾਘਾ ਹੋ ਰਹੀ ਹੈ ਅਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਹੀ ਇੱਕ ਮਤੇ ਨੂੰ ਵਿਸਾਰ ਕੇ ਵਧੀਕ ਸਕੱਤਰ ਤੋਂ ਸਕੱਤਰ ਵਜੋਂ ਤਰੱਕੀ ਦਿੱਤੇ ਜਾਣ ਦਾ ਮਾਮਲਾ ਚਰਚਾ ਵਿੱਚ ਹੈ। ਇਸ ਮਤੇ ਅਨੁਸਾਰ ਸਕੱਤਰ ਦੇ ਅਹੁਦੇ ਲਈ ਪੋਸਟ ਗ੍ਰੈਜੂਏਸ਼ਨ ਯੋਗਤਾ ਲਾਜ਼ਮੀ ਕੀਤੀ ਗਈ ਹੈ, ਜਿਸ ਤਹਿਤ ਕੁਝ ਵਧੀਕ ਸਕੱਤਰ ਤਰੱਕੀ ਪਾਉਣ ਤੋਂ ਵਾਂਝੇ ਰਹਿ ਗਏ ਹਨ ਤੇ ਇਨ੍ਹਾਂ ਕਰਮਚਾਰੀਆਂ ਵਿੱਚ ਰੋਸ ਹੈ।