ਪਟਿਆਲਾ, ਇੱਕ ਪਾਸੇ ‘ਆਪ’ ਦਾ ਝਾੜੂ ਖਿੱਲਰ ਰਿਹਾ ਹੈ ਤੇ ਦੂਜੇ ਪਾਸੇ ਪਾਰਟੀ ਦੀ ਮੁੱਖ ਧਾਰਾ ਤੋਂ ਇੱਕ ਪਾਸੇ ਹੋਏ ਆਗੂ ਇੱਕਮੁੱਠ ਹੋਣ ਲਈ ਤਿਆਰੀਆਂ ਕਰ ਰਹੇ ਹਨ। ਅੱਜ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਤੇ ‘ਆਪ’ ਦੇ ਸਾਬਕਾ ਪ੍ਰਧਾਨ ਰਹੇ ਸੁੱਚਾ ਸਿੰਘ ਛੋਟੇਪੁਰ ਦੀ ਮੀਟਿੰਗ ਹੋਈ।
ਇਸ ਦੌਰਾਨ ਡਾ. ਗਾਂਧੀ ਤੇ ਸ੍ਰੀ ਛੋਟੇਪੁਰ ਨੇ ‘ਆਪ’ ਵਿੱਚ ਪਏ ਖਿਲਾਰੇ ਦੀ ਚਰਚਾ ਕੀਤੀ। ਉਨ੍ਹਾਂ ਸਿਆਸੀ ਪਾਰਟੀਆਂ ਤੋਂ ਖਫ਼ਾ ਚੱਲ ਰਹੇ ਪੰਜਾਬ ਨੂੰ ਕੋਈ ਨਵਾਂ ਰਸਤਾ ਦੇਣ ਲਈ ਵਿਚਾਰ ਕੀਤਾ। ਇਸ ਸਬੰਧੀ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨਾਲ ਕੋਈ ਨਵਾਂ ਨਹੀਂ ਹੋਇਆ। ਸ੍ਰੀ ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਉਤਾਰਨ ਲਈ ਇਨ੍ਹਾਂ ਸਾਰਿਆਂ ਨੇ ਦਸਤਖ਼ਤ ਕੀਤੇ ਸਨ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ‘ਆਪ’ ਵਿੱਚ ਨਹੀਂ ਹਨ ਪਰ ‘ਆਪ’ ਦੇ ਮੌਜੂਦਾ ਹਾਲ ਕਾਰਨ ਉਹ ਪ੍ਰੇਸ਼ਾਨ ਹਨ, ਕਿਉਂਕਿ ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਲਾਉਣ ਲਈ ਉਨ੍ਹਾਂ ਯੋਗਦਾਨ ਪਾਇਆ ਸੀ।
ਡਾ. ਧਰਮਵੀਰ ਨਾਲ ਹੋਈ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਉਹ ਇਕੱਠੇ ਹੋਏ ਤੇ ਕੁਝ ਵਿਚਾਰਾਂ ਵੀ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕਮੁੱਠ ਹੋਕੇ ਚੱਲਣ ਲਈ ਹੋਰ ਵਿਚਾਰਾਂ ਕਰਨ ਦੀ ਲੋੜ ਹੈ। ਅਗਲੇ ਦਿਨਾਂ ਵਿੱਚ ਉਹ ਫਿਰ ਮੀਟਿੰਗ ਕਰਨਗੇ ਤਾਂ ਕਿ ਕੁਝ ਤੈਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨਾਲ ਉਨ੍ਹਾਂ ਨੂੰ ਹਮਦਰਦੀ ਜ਼ਰੂਰ ਹੈ ਪਰ ਉਨ੍ਹਾਂ ਨਾਲ ਜਾਣਾ ਜਾਂ ਨਾ ਜਾਣਾ ਤੈਅ ਨਹੀਂ ਕੀਤਾ। ਸ੍ਰੀ ਛੋਟੇਪੁਰ ਨੇ ਕਿਹਾ ਕਿ ਉਹ ਪੰਜਾਬ ਦੇ ਘਰ ਬੈਠੇ ਬਹੁਤ ਸਾਰੇ ਲੀਡਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਉਹ ਪੰਜਾਬ ਵਿੱਚ ਜਾਣਗੇ ਤੇ ਚੰਗੀ ਸੋਚ ਵਾਲੇ ਲੀਡਰਾਂ ਨੂੰ ਪੰਜਾਬ ਦੇ ਭਲੇ ਲਈ ਕੰਮ ਕਰਨ ਲਈ ਵੀ ਪ੍ਰੇਰਨਗੇ।
ਡਾ. ਗਾਂਧੀ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਅਤੇ ਉਨ੍ਹਾਂ ਦੀ ਟੀਮ ਵਿਚਕਾਰ ਪੰਜਾਬ ਦੇ ਸਮਾਜਿਕ ਤੇ ਆਰਥਿਕ ਹਾਲਾਤ ਬਾਰੇ ਅਤੇ ਪੰਜਾਬ ਦੀ ਚਲੰਤ ਸਿਆਸਤ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੰਜਾਬ ਪੱਖੀ ਸ਼ਕਤੀਆਂ ਨੂੰ ਇਕਜੁੱਟ ਕਰਨ ਬਾਰੇ ਅਗਲੇਰੇ ਕਦਮਾਂ ਬਾਰੇ ਵੀ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਪੱਖੀ ਲਹਿਰ ਚਲਾਉਣ ਲਈ ਹਰ ਤਰ੍ਹਾਂ ਦਾ ਹੀਲਾ ਵਰਤਣਗੇ ਤਾਂ ਕਿ ਹਰ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਦੇ ਪੱਲੇ ਪਈ ਨਮੋਸ਼ੀ ਨੂੰ ਤੋੜਿਆ ਜਾ ਸਕੇ।

ਜੀਕੇ ’ਤੇ ਹਮਲੇ ਦੀ ਨਿਖੇਧੀ

ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅਮਰੀਕਾ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਕੁਝ ਲੋਕਾਂ ਵੱਲੋਂ ਕੀਤੀ ਗਈ ਕੁੱਟਮਾਰ ਸਿੱਖ ਫ਼ਲਸਫ਼ੇ ਦੇ ਵਿਰੁੱਧ ਹੈ। ਉਨ੍ਹਾਂ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਵਿਚਾਰ ਰੱਖਣ ਵਾਲਿਆਂ ਨਾਲ ਅਜਿਹਾ ਵਿਵਹਾਰ ਕਰਨਾ ਨਾ ਸਿਰਫ਼ ਜਮਹੂਰੀਅਤ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਸਿੱਖ ਧਰਮ ਦੀਆਂ ਰਵਾਇਤਾਂ ਤੇ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਦੇ ਵਿਰੁੱਧ ਹੈ। ਡਾ. ਗਾਂਧੀ ਨੇ ਕਿਹਾ ਕਿ ਕੁੱਝ ਲੋਕਾਂ ਵੱਲੋਂ ਆਪਣਾ ਵਿਰੋਧ ਪ੍ਰਗਟ ਕਰਨ ਲਈ ਵਰਤੇ ਜਾ ਰਹੇ ਅਜਿਹੇ ਢੰਗਾਂ ਨਾਲ ਨਾ ਸਿਰਫ਼ ਪੰਜਾਬੀਆਂ, ਬਲਕਿ ਸਿੱਖ ਧਰਮ ਦੀਆਂ ਸ਼ਾਨਦਾਰ ਰਵਾਇਤਾਂ ਦਾ ਅਕਸ ਵੀ ਵਿਗੜਦਾ ਹੈ।