ਜ਼ਿਊਰਿਖ, 31 ਅਗਸਤ
ਹਾਲ ਹੀ ਵਿੱਚ ਵਿਸ਼ਵ ਚੈਂਪੀਅਨ ਬਣਿਆ ਨੀਰਜ ਚੋਪੜਾ ਭਲਕੇ ਵੀਰਵਾਰ ਨੂੰ ਇੱਥੇ ਵੱਕਾਰੀ ਡਾਇਮੰਡ ਲੀਗ ਮੀਟ ਵਿੱਚ ਨਾਮੀ ਖਿਡਾਰੀਆਂ ਵਿਚਾਲੇ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਆਪਣੀ ਲੈਅ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਚੋਪੜਾ ਨੇ ਐਤਵਾਰ ਨੂੰ ਬੁਡਾਪੈਸਟ ਵਿੱਚ 88.17 ਮੀਟਰ ਥਰੋਅ ਨਾਲ ਆਪਣਾ ਪਹਿਲਾ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਿਆ ਹੈ। 2022 ਵਿੱਚ ਉਸ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ। 25 ਸਾਲਾ ਚੋਪੜਾ ਨੇ ਇਸ ਸੀਜ਼ਨ ਦੇ ਹਰ ਟੂਰਨਾਮੈਂਟ ਵਿੱਚ ਕੋਈ ਨਾ ਕੋਈ ਤਗਮਾ ਜਿੱਤਿਆ ਹੈ। ਵਿਸ਼ਵ ਚੈਂਪੀਅਨਸ਼ਿਪ ਜਿੱਤਣ ਤੋਂ ਪਹਿਲਾਂ ਉਹ ਦੋਹਾ (5 ਮਈ) ਅਤੇ ਸੁਲਾਨੇ (30 ਜੂਨ) ਵਿੱਚ ਦੋ ਡਾਇਮੰਡ ਲੀਗ ਮੀਟ ਵਿੱਚ ਸਿਖਰਲਾ ਸਥਾਨ ਹਾਸਲ ਕਰ ਚੁੱਕਾ ਹੈ। ਜ਼ਿਊਰਿਖ ਵਿੱਚ ਉਸ ਦਾ ਮੁਕਾਬਲਾ ਚੈੱਕ ਗਣਰਾਜ ਦੇ ਜੈਕਬ ਵਡਲੇਜ (ਬੁਡਾਪੈਸਟ ਵਿੱਚ 86.67 ਮੀਟਰ ਨਾਲ ਕਾਂਸੇ ਦਾ ਤਗਮਾ ਜੇਤੂ), ਜਰਮਨੀ ਦੇ ਜੂਲੀਅਨ ਵੈਬਰ ਅਤੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਜ਼ ਵਰਗੇ ਵਿਰੋਧੀਆਂ ਨਾਲ ਹੋਵੇਗਾ। ਬੁਡਾਪੈਸਟ ’ਚ ਚਾਂਦੀ ਦਾ ਤਗਮਾ ਜੇਤੂ ਪਾਕਿਸਤਾਨ ਦਾ ਅਰਸ਼ਦ ਨਦੀਮ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਿਹਾ।