ਨਵੀਂ ਦਿੱਲੀ, 9 ਮਈ

ਯੂੁਥ ਕਾਂਗਰਸ ਕਾਰਕੁਨਾਂ ਨੇ ਇੱਥੇ ਜੰਤਰ ਮੰਤਰ ’ਤੇ ਮੁਜ਼ਾਹਰਾ ਕਰਦਿਆਂ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਵੱਲੋਂ ਭਾਰਤ ਵਿੱਚ ਕਰੋਨਾ ਮੌਤਾਂ ਸਬੰਧੀ ਜਾਰੀ ਰਿਪੋਰਟ ਬਾਰੇ ਕੇਂਦਰ ਤੋਂ ਸਪੱਸ਼ਟੀਕਰਨ ਮੰਗਿਆ ਹੈ। ਕਾਂਗਰਸ ਦੇ ਯੂਥ ਵਿੰਗ ਨੇ ਕਥਿਤ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਰੋਨਾ ਨਾਲ ਹੋਈਆਂ ਮੌਤਾਂ ਦੇ ਅਸਲ ਅੰਕੜੇ ਲੋਕਾਂ ਤੋਂ ‘ਲੁਕਾ’ ਕੇ ‘ਆਪਣੀ ਨਾਕਾਮੀ ਲੁਕਾ’ ਰਹੀ ਹੈ। ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਬੀ.ਵੀ. ਨੇ ਕਿਹਾ, ‘‘ਡਬਲਿਊਐੱਚਓ ਵੱਲੋਂ ਵਿਗਿਆਨਕ ਆਧਾਰ ’ਤੇ ਅੰਕੜੇ ਦਿੱਤੇ ਗਏ ਹਨ ਪਰ ਸਰਕਾਰ ਵੱਲੋਂ ਅੰਕੜੇ ਕਿਸ ਆਧਾਰ ’ਤੇ ਦਿੱਤੇ ਗਏ ਹਨ, ਇਹ ਸਿਰਫ ਮੋਦੀ ਸਰਕਾਰ ਹੀ ਦੱਸ ਸਕਦੀ ਹੈ।’’ ਉਨ੍ਹਾਂ ਮੰਗ ਕੀਤੀ ਕਿ ਕਰੋਨਾ ਮਹਾਮਾਰੀ ਦੌਰਾਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 4-4 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ‘ਕੋਵਿਡ ਕਮਿਸ਼ਨ’ ਵੀ ਸਥਾਪਤ ਕੀਤਾ ਜਾਵੇ। ਪ੍ਰਦਰਸ਼ਨ ਵਿੱਚ ਸ਼ਾਮਲ ਯੂਥ ਕਾਂਗਰਸ ਦੇ ਕੌਮੀ ਮੀਡੀਆ ਇੰਚਾਰਜ ਰਾਹੁਲ ਰਾਓ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਕਰੋਨਾ ਮੌਤਾਂ ਸਬੰਧੀ ਕੀਤਾ ਗਿਆ ਮੁਲਾਂਕਣ ‘ਝੂਠ ਦਾ ਸਿਖਰ’ ਹੈ। ਦੱਸਣਯੋਗ ਹੈ ਕਿ ਡਬਲਿਊਐੱਚਓ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਕਰੋਨਾ ਕਾਰਨ 47 ਲੱਖ ਮੌਤਾਂ ਹੋਈਆਂ ਹਨ, ਜਿਹੜੀਆਂ ਕਿ ਭਾਰਤ ਵੱਲੋਂ ਦਿੱਤੇ ਅੰਕੜਿਆਂ ਤੋਂ ਲਗਭਗ 10 ਗੁਣਾ ਵੱਧ ਹਨ। ਹਾਲਾਂਕਿ ਕੇਂਦਰੀ ਸਿਹਤ ਮੰਤਰਾਲੇ ਨੇ ਡਬਲਿਊਐੱਚਓ ਵੱਲੋਂ ਜਾਰੀ ਰਿਪੋਰਟ ਨੂੰ ਖਾਰਜ ਕੀਤਾ ਗਿਆ ਹੈ।