ਮੁੰਬਈ, 2 ਅਗਸਤ
ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ’ਚ ਸਮ੍ਰਿਧੀ ਐਕਸਪ੍ਰੈੱਸਵੇਅ ਲਈ ਪੁਲ ਦੇ ਨਿਰਮਾਣ ਦੌਰਾਨ ਇੱਕ ਕਰੇਨ ਡਿੱਗਣ ਕਾਰਨ 10 ਮਜ਼ਦੂਰਾਂ ਸਮੇਤ ਘੱਟ ਤੋਂ ਘੱਟ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।
ਮਹਾਰਾਸ਼ਟਰ ਰਾਜ ਸੜਕ ਵਿਕਾਸ ਕਾਰਪੋਰੇਸ਼ਨ (ਐੱਮਐੱਸਆਰਡੀਸੀ) ਨੇ ਦੱਸਿਆ ਕਿ 700 ਟਨ ਵਜ਼ਨੀ ਸੈਗਮੈਂਟ ਲਾਂਚਰ (ਕਰੇਨ) ਦੇ ਨਾਲ ਲਾਂਚਰ ਗਾਰਡਰ 35 ਮੀਟਰ ਦੀ ਉਚਾਈ ਤੋਂ ਹੇਠਾਂ ਡਿੱਗ ਗਿਆ। ਕਰੇਨ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ’ਚ 10 ਮਜ਼ਦੂਰ, ਦੋ ਇੰਜਨੀਅਰ ਤੇ ਹੋਰ ਮੁਲਾਜ਼ਮ ਸ਼ਾਮਲ ਹਨ। ਇਸ ਤੋਂ ਪਹਿਲਾਂ ਐੱਨਡੀਆਰਐੱਫ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਸਮ੍ਰਿਧੀ ਐਕਸਪ੍ਰੈੱਸਵੇਅ ਦੇ ਤੀਜੇ ਗੇੜ ਦੀ ਉਸਾਰੀ ਦੌਰਾਨ ਕਰੇਨ ਪੁਲ ਦੀ ਸਲੈਬ ’ਤੇ ਡਿੱਗ ਗਈ। ਠਾਣੇ ਦੀ ਪੁਲੀਸ ਨੇ ਦੋ ਠੇਕੇਦਾਰਾਂ ਖ਼ਿਲਾਫ਼ ਅਣਗਹਿਲੀ ਵਰਤਣ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਇਹ ਘਟਨਾ ਅੱਜ ਤੜਕੇ ਮੁੰਬਈ ਤੋਂ ਕਰੀਬ 80 ਕਿਲੋਮੀਟਰ ਦੂਰ ਸ਼ਾਹਪੁਰ ਤਹਿਸੀਲ ਦੇ ਸਰਲਾਂਬੇ ਪਿੰਡ ਨੇੜੇ ਵਾਪਰੀ। ਐਨਡੀਆਰਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ’ਚ ਜ਼ਖ਼ਮੀ ਹੋਏ ਤਿੰਨ ਵਿਅਕਤੀਆਂ ਨੂੰ ਠਾਣੇ ਦੇ ਕਲਵਾ ਸਥਿਤ ਸ਼ਵਿਾਜੀ ਮਹਾਰਾਜ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਜਾਂਚ ਦੇ ਹੁਕਮ ਦਿੱਤੇ ਹਨ।
ਹਾਦਸੇ ਦਾ ਕਾਰਨ ਬਣੀ ਕਰੇਨ ਇੱਕ ਵਿਸ਼ੇਸ਼ ਮੰਤਵ ਵਾਲੀ ‘ਮੋਬਾਈਲ ਗੈਂਟ੍ਰੀ ਕਰੇਨ’ ਸੀ ਜਿਸ ਦੀ ਵਰਤੋਂ ਪੁਲ ਨਿਰਮਾਣ ਤੇ ਰਾਜਮਾਰਗ ਨਿਰਮਾਣ ਪ੍ਰਾਜੈਕਟਾਂ ’ਚ ਪਹਿਲਾਂ ਤੋਂ ਬਣੇ ਪੁਲਾਂ ਦੇ ਗਾਰਡਰ ਲਾਉਣ ਲਈ ਕੀਤੀ ਜਾਂਦੀ ਸੀ।
ਸਮ੍ਰਿਧੀ ਐਕਸਪ੍ਰੈੱਸਵੇਅ ਮੁੰਬਈ ਤੋਂ ਨਾਗਪੁਰ ਨੂੰ ਜੋੜਨ ਵਾਲੀ 701 ਕਿਲੋਮੀਟਰ ਲੰਮੀ ਸੜਕ ਹੈ। ਇਸ ਦਾ ਨਿਰਮਾਣ ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ (ਐੱਮਐੱਸਆਰਡੀਸੀ) ਕਰ ਰਿਹਾ ਹੈ। ਇਸ ਸੜਕ ਦੇ ਪਹਿਲੇ ਗੇੜ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ’ਚ ਕੀਤਾ ਸੀ।