ਫਿਲੌਰ, 25 ਜੁਲਾਈ
ਸਥਾਨਕ ਜੀਟੀ ਰੋਡ ’ਤੇ ਜਲੰਧਰ ਵੱਲ ਜਾਣ ਵਾਲੇ ਬੱਸ ਸਟੈਂਡ ’ਤੇ ਅੱਜ ਦਿਨ ਦਿਹਾੜੇ 23 ਲੱਖ ਰੁਪਏ ਲੁੱਟ ਕੇ ਮੁਲਜ਼ਮ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਨੇੜੇ ਸਥਿਤ ਟੌਲ ਪਲਾਜ਼ਾ ਦੇ ਕਰਮਚਾਰੀ 23.3 ਲੱਖ ਦੀ ਨਕਦੀ ਜਮ੍ਹਾਂ ਕਰਵਾਉਣ ਲਈ ਆਪਣੀ ਜੀਪ ’ਤੇ ਸਥਾਨਕ ਪੰਜਾਬ ਨੈਸ਼ਨਲ ਬੈਂਕ ਵੱਲ ਆ ਰਹੇ ਸਨ। ਉਹ ਜਦੋਂ ਕੌਮੀ ਮੁੱਖ ਮਾਰਗ ’ਤੇ ਬੱਸ ਸਟੈਂਡ ਨੇੜੇ ਫਲਾਈਓਵਰ ਕੋਲ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਜੀਪ ਅੱਗੇ ਇੱਕ ਚਿੱਟੇ ਰੰਗ ਦੀ ਬਰੇਜ਼ਾ ਗੱਡੀ ਆ ਕੇ ਰੁਕੀ, ਜਿਸ ਵਿੱਚ ਪੰਜ ਵਿਅਕਤੀ ਸਵਾਰ ਸਨ। ਲੁਟੇਰਿਆਂ ਨੇ ਟੌਲ ਮੁਲਾਜ਼ਮਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਕੋਲੋਂ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ। ਜੀਪ ਦੇ ਡਰਾਈਵਰ ਅਨਿਲ ਕੁਮਾਰ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਪੰਜ ਜਣਿਆਂ ਵਿੱਚੋਂ ਦੋ ਨੇ ਉਨ੍ਹਾਂ ਦੀ ਜੀਪ ਨੂੰ ਘੇਰ ਲਿਆ, ਜਦਕਿ ਬਾਕੀ ਤਿੰਨ ਗੱਡੀ ਵਿੱਚ ਹੀ ਰਹੇ। ਡਰਾਈਵਰ ਨੇ ਦੱਸਿਆ ਕਿ ਉਸ ਨੇ ਜੀਪ ਦਾ ਸ਼ੀਸ਼ਾ ਚੜ੍ਹਾਉਣ ਦਾ ਯਤਨ ਕੀਤਾ ਤਾਂ ਇੱਕ ਲੁਟੇਰੇ ਦੀ ਬਾਂਹ ਉਸ ਵਿੱਚ ਫਸ ਗਈ। ਇਸ ਦੌਰਾਨ ਦੂਜੇ ਲੁਟੇਰੇ ਨੇ ਉਨ੍ਹਾਂ ਕੋਲੋਂ ਨਕਦੀ ਵਾਲਾ ਬੈਗ ਖੋਹ ਲਿਆ ਤੇ ਸ਼ੀਸ਼ਾ ਤੋੜ ਦਿੱਤਾ। ਅਨਿਲ ਨੇ ਦੱਸਿਆ ਕਿ ਉਨ੍ਹਾਂ ਗੱਡੀ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਲੁਟੇਰੇ ਜਲੰਧਰ ਵੱਲ ਨੂੰ ਫਰਾਰ ਹੋ ਗਏ। ਡਰਾਈਵਰ ਨੇ ਗੱਡੀ ਦਾ ਨੰਬਰ ਨੋਟ ਕਰਕੇ ਪੁਲੀਸ ਨੂੰ ਦੱਸ ਦਿੱਤਾ ਹੈ। ਜੀਪ ਵਿੱਚ ਸਵਾਰ ਕਰਮਚਾਰੀਆਂ ਨੇ ਤੁਰੰਤ ਇਸ ਘਟਨਾ ਦੀ ਜਾਣਕਾਰੀ ਟੌਲ ਪਲਾਜ਼ਾ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ, ਜਿਨ੍ਹਾਂ ਇਸ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਇਸ ਮੌਕੇ ਡੀਐੱਸਪੀ ਫਿਲੌਰ ਜਗਦੀਸ਼ ਰਾਜ ਤੇ ਐੱਸਐੱਚਓ ਫਿਲੌਰ ਇੰਸਪੈਕਟਰ ਹਰਜਿੰਦਰ ਸਿੰਘ ਨੇ ਪੁਲੀਸ ਫੋਰਸ ਸਮੇਤ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭ ਦਿੱਤੀ ਹੈ। ਡੀਐੱਸਪੀ ਜਗਦੀਸ਼ ਰਾਜ ਨੇ ਦੱਸਿਆ ਕਿ ਸਾਰੇ ਥਾਣਿਆਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਲੰਧਰ ਦਿਹਾਤੀ ਦੇ ਐੱਸਐੱਸਪੀ ਮੁਖਵਿੰਦਰ ਸਿੰਘ ਨੇ ਵਾਰਦਾਤ ਵਾਲੀ ਥਾਂ ਦਾ ਦੌਰਾ ਕਰਨ ਮਗਰੋਂ ਇਸ ਨੂੰ ਟੌਲ ਪਲਾਜ਼ਾ ਵਾਲਿਆਂ ਦੀ ਲਾਪ੍ਰਵਾਹੀ ਦੱਸਿਆ ਕਿਉਂਕਿ ਕੈਸ਼ ਲਿਜਾਣ ਵਾਲੇ ਵਾਹਨ ’ਚ ਸੁਰੱਖਿਆ ਕਰਮੀ ਮੌਜੂਦ ਨਹੀਂ ਸਨ। ਉਨ੍ਹਾਂ ਕਿਹਾ ਕਿ ਪੁਲੀਸ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਲਵੇਗੀ।