ਮੁੰਬਈ:ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਰਿਲੀਜ਼ ਦੀਆਂ ਤਿਆਰੀਆਂ ’ਚ ਰੁੱਝੇ ਬੌਲੀਵੁੱਡ ਅਦਾਕਾਰ ਆਮਿਰ ਖ਼ਾਨ ਇਸ ਗੱਲ ਪ੍ਰਤੀ ਬਹੁਤ ਉਤਾਵਲਾ ਹੈ ਕਿ ਹੌਲੀਵੁੱਡ ਅਦਾਕਾਰ ਟੌਮ ਹੈਂਕਸ ਆਪਣੀ ਫਿਲਮ ‘ਫੌਰੈਸਟ ਗੰਪ’ ਦਾ ਹਿੰਦੀ ਰੂਪਾਂਤਰਣ ਵੇਖ ਕੇ ਕੀ ਪ੍ਰਤੀਕਿਰਿਆ ਦੇਵੇਗਾ। ਆਮਿਰ ਖ਼ਾਨ ਨੇ ਕਿਹਾ, ‘‘ਫੌਰੈਸਟ ਗੰਪ’ ਇੱਕ ਮਹਾਨ ਫ਼ਿਲਮ ਹੈ। ਮੈਂ ਇਸ ਫਿਲਮ ਦੇ ਅਦਾਕਾਰ ਟੌਮ ਹੈਂਕਸ ਵੱਲੋਂ ਮਿਲਣ ਵਾਲੀ ਪ੍ਰਤੀਕਿਰਿਆ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ। ਟੌਮ ਇੱਕ ਮਹਾਨ ਅਦਾਕਾਰ ਹੈ।’ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਮਿਰ ਖ਼ਾਨ ਜਰਮਨੀ ਵਿੱਚ ਇੱਕ ਵਾਰ ਟੌਮ ਹੈਂਕਸ ਨੂੰ ਮਿਲਿਆ ਸੀ, ਜਦੋਂ ਉਹ ਨਿਰਦੇਸ਼ਕ ਸਟੀਫਨ ਸਪੀਲਬਰਗ ਨਾਲ ਕਿਸੇ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ। ਉਸ ਵੇਲੇ ਸਟੀਫਨ ਨੇ ਟੌਮ ਨਾਲ ਆਮਿਰ ਖ਼ਾਨ ਦਾ ਤਾਅਰੁਫ਼ ਭਾਰਤ ਦਾ ਜੇਮਜ਼ ਕੈਮਰੂਨ ਕਹਿ ਕੇ ਕਰਾਇਆ ਸੀ। ਫਿਲਮ ‘ਲਾਲ ਸਿੰਘ ਚੱਢਾ’ ਆਮਿਰ ਖ਼ਾਨ ਪ੍ਰੋਡਕਸ਼ਨ, ਕਿਰਨ ਰਾਓ ਤੇ ਵਾਇਆਕੌਮ-18 ਵੱਲੋਂ ਤਿਅਰ ਕੀਤੀ ਗਈ ਹੈ, ਜਿਸ ਵਿੱਚ ਅਦਾਕਾਰਾ ਕਰੀਨਾ ਕਪੂਰ, ਮੋਨਾ ਸਿੰਘ ਤੇ ਚੇਤੰਨਿਆ ਅਕੀਨੇਨੀ ਨੇ ਵੀ ਅਹਿਮ ਭੂਮਿਕਾਵਾਂ ਵਿੱਚ ਹਨ।