ਟੋਰਾਂਟੋ, ਇੱਥੋਂ ਨੇਡ਼ਲੇ ਸ਼ਹਿਰ ਮਿਸੀਸਾਗਾ ਦੇ ਬੱਸ ਸਟੇਸ਼ਨ ਵਿੱਚ ਇੱਕ ਮੰਦਬੁੱਧੀ ਵਿਅਕਤੀ ਦੀ ਕੁੱਟਮਾਰ ਕਰਨ ਵਾਲੇ ਪੰਜਾਬੀ ਮੁੰਡਿਆਂ ਦੇ ਪੂਰੇ ਕੈਨੇਡਾ ਵਿੱਚ ਵਾਰੰਟ ਜਾਰੀ ਹੋਏ ਹਨ। 25 ਸਾਲਾ ਰਣਜੋਤ ਸਿੰਘ ਧਾਮੀ ਅਤੇ ਉਸਦੇ ਦੋਸਤਾਂ ਦੀ ਕੁੱਟਮਾਰ ਵਾਲੀ ਵੀਡੀਓ ਪਿਛਲੇ ਦਿਨੀਂ ਜਨਤਕ ਹੋਣ ਮਗਰੋਂ ਪੁਲੀਸ ਨੇ ਇਹ ਵਾਰੰਟ ਕੱਢੇ ਹਨ। ਅੱਜ ਪੁਲੀਸ ਨੇ ਉਸਦੇ ਦੂਜੇ ਸਾਥੀ ਪਰਮਵੀਰ ਚਾਹਲ (21 ਸਾਲ) ਦੀ ਵੀ ਪਛਾਣ ਜਾਰੀ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸਰੀ (ਬ੍ਰਿਟਿਸ਼ ਕੋਲੰਬੀਆ) ਦਾ ਰਹਿਣ ਵਾਲਾ ਰਣਜੋਤ ਟੋਰਾਂਟੋ ਘੁੰਮਣ ਫਿਰਨ ਲੲੀ ਆਇਆ ਹੋਇਆ ਹੈ। ਪੁਲੀਸ ਨੇ ਦੱਸਿਆ ਕਿ ਧਾਮੀ ਅਤੇ ਉਸ ਦੇ ਦੋ ਹੋਰ ਸਾਥੀ ਅਜੇ ਟੋਰਾਂਟੋ ਇਲਾਕੇ ਵਿੱਚ ਹੀ ਹੋ ਸਕਦੇ ਹਨ। ਤੀਜੇ ਮੁੰਡੇ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗੲੀ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਇਨ੍ਹਾਂ ਤਿੰਨ ਮੁੰਡਿਆਂ ਨੇ ਬੱਸ ਸਟੇਸ਼ਨ ਦੀਆਂ ਪੌਡ਼ੀਆਂ ਵਿੱਚ ਬੈਠੇ ਮੰਦਬੁੱਧੀ ਵਿਅਕਤੀ ਨੂੰ ਬਿਨਾਂ ਕਿਸੇ ਗੱਲ ਤੋਂ ਠੁੱਡੇ ਅਤੇ ਮੁੱਕਿਆਂ ਨਾਲ ਕੁੱਟਿਆ ਸੀ ਅਤੇ ਇਹ ਸਭ ਕੁਝ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ ਸੀ।