ਨਵੀਂ ਦਿੱਲੀ:ਭਾਰਤੀ ਪੈਰਾਲੰਪਿਕ ਸਮਿਤੀ (ਪੀਸੀਆਈ) ਦੀ ਮੁਖੀ ਦੀਪਾ ਮਲਿਕ ਨੂੰ ਉਮੀਦ ਹੈ ਕਿ ਦੇਸ਼ ਦੇ ਪੈਰਾ ਖਿਡਾਰੀ ਮੰਗਲਵਾਰ ਨੂੰ ਸ਼ੁਰੂ ਹੋ ਰਹੀਆਂ ਟੋਕੀਓ ਖੇਡਾਂ ਵਿੱਚ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਇਤਿਹਾਸ ਸਿਰਜਣਗੇ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਭੇਜਿਆ ਹੈ। ਦੇਸ਼ ਦੇ 54 ਖਿਡਾਰੀ ਨੌਂ ਖੇਡਾਂ ਵਿੱਚ ਚੁਣੌਤੀ ਪੇਸ਼ ਕਰਨਗੇ। ਇਨ੍ਹਾਂ ਵਿੱਚ ਤੀਰਅੰਦਾਜ਼ੀ, ਅਥਲੈਟਿਕਸ, ਬੈਡਮਿੰਟਨ, ਕੈਨੋਇੰਗ,ਨਿਸ਼ਾਨੇਬਾਜ਼ੀ, ਤੈਰਾਕੀ, ਪਾਵਰਲਿਫਟਿੰਗ, ਟੇਬਲ ਟੈਨਿਸ ਅਤੇ ਤਾਇਕਵਾਂਡੋ ਸ਼ਾਮਲ ਹਨ। ਉਸ ਨੇ ਕਿਹਾ ਕਿ ਇਹ ਦਲ ਪਿਛਲੇ ਦਲ ਨਾਲੋਂ ਤਿੰਨ ਗੁਣਾਂ ਵੱਡਾ ਹੈ। ਉਸ ਨੇ ਕਿਹਾ ਕਿ 2016-2020 ਦੌਰਾਨ ਚਾਰ ਅਤੇ ਪੰਜ ਸਾਲਾਂ ਵਿੱਚ ਅਸੀਂ ਚਾਰ ਹੋਰ ਖੇਡਾਂ ਵਿੱਚ ਕੁਆਲੀਫਾਈ ਕੀਤਾ ਹੈ। ਰੀਓ ਪੈਰਾਲੰਪਿਕ ਵਿੱਚ ਗੋਲਾ ਸੁੱਟਣ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਮਲਿਕ ਨੇ ਵਰਚੁਅਲ ਕਾਨਫਰੰਸ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਉਸ ਨੇ ਕਿਹਾ ਕਿ ਚੋਣ ਟਰਾਇਲ ਵਿੱਚ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦੀ ਮੌਜੂਦਾ ਵਿਸ਼ਵ ਰੈਂਕਿੰਗ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਖਿਡਾਰੀਆਂ ਤੋਂ ਕਾਫ਼ੀ ਉਮੀਦਾਂ ਹਨ।