ਨਵੀਂ ਦਿੱਲੀ, 21 ਜੂਨ

ਟੋਕੀਓ ਓਲੰਪਿਕ ਲਈ ਰਾਣੀ ਰਾਮਪਾਲ ਨੂੰ ਅੱਜ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਐਲਾਨ ਦਿੱਤਾ ਗਿਆ ਹੈ। ਇਸੇ ਤਰ੍ਹਾਂ ਦੀਪ ਗ੍ਰੇਸ ਅਤੇ ਸਵਿਤਾ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤ ਨੇ ਪਿਛਲੇ ਹਫਤੇ ਓਲੰਪਿਕ ਲਈ 16 ਮੈਂਬਰੀ ਟੀਮ ਐਲਾਨੀ ਸੀ, ਪਰ ਉਸ ਵੇਲੇ ਕਪਤਾਨ ਦਾ ਐਲਾਨ ਨਹੀਂ ਕੀਤਾ ਗਿਆ ਸੀ। ਇਸ ਦੌਰਾਨ ਰਾਣੀ ਨੇ ਕਿਹਾ, ‘‘ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਦੀ ਅਗਵਾਈ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਪਿਛਲੇ ਕੁਝ ਸਾਲਾਂ ਤੋਂ ਕਪਤਾਨ ਦੇ ਰੂਪ ਵਿੱਚ ਮੇਰੀ ਭੂਮਿਕਾ ਸੌਖੀ ਹੋ ਗਈ ਹੈ ਕਿਉਂਕਿ ਮੇਰੀਆਂ ਸਾਥੀ ਖਿਡਾਰਨਾਂ ਸੀਨੀਅਰ ਹੋਣ ਵਜੋਂ ਬਰਾਬਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ।’’