ਦੁਬਈ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਕੀਤੀ ਤਾਜ਼ਾ ਆਈਸੀਸੀ(ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ) ਟੈਸਟ ਬੱਲੇਬਾਜ਼ੀ ਰੈਂਕਿੰਗ ਦੇ ਹਿਸਾਬ ਨਾਲ ਚੌਥੇ ਸਥਾਨ ’ਤੇ ਪਹੁੰਚ ਗਏ ਹਨ, ਜਦ ਕਿ ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿੱਥ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਸ਼ੁੱਕਰਵਾਰ ਨੂੰ ਸਾਊਥੈਂਪਟਨ ਦੇ ਹੈਂਪਸ਼ਾਇਰ ਬਾਊਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿੱਚ ਭਾਰਤ ਦੀ ਅਗਵਾਈ ਕਰਨ ਵਾਲੇ ਕੋਹਲੀ ਦੇ 814 ਅੰਕ ਹਨ। ਪ੍ਰਮੁੱਖ 10 ਸਥਾਨਾਂ ਵਿੱਚ ਸ਼ੁਮਾਰ ਹੋਰ ਭਾਰਤੀਆਂ ਵਿੱਚ ਕੋਹਲੀ ਨਾਲ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (747 ਅੰਕ) ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (747 ਅੰਕ) ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਨੇ ਸਾਂਝੇ ਤੌਰ ’ਤੇ ਛੇਵਾਂ ਸਥਾਨ ਬਰਕਰਾਰ ਰੱਖਿਆ ਹੈ। ਸਮਿੱਥ ਨੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਨੂੰ ਪਛਾੜਿਆ ਹੈ। ਵਿਲੀਅਮਸਨ ਸੱਟ ਲੱਗਣ ਕਾਰਨ ਇੰਗਲੈਂਡ ਖ਼ਿਲਾਫ਼ ਦੂਜਾ ਟੈਸਟ ਨਹੀਂ ਖੇਡ ਸਕੇ ਸੀ, ਜਿਸ ਕਾਰਨ ਉਹ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਸਮਿੱਥ ਦੇ ਰੇਟਿੰਗ ਅੰਕ 891 ਹਨ।