ਦੁਬਈ, 9 ਜਨਵਰੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅੱਜ ਜਾਰੀ ਕੀਤੀ ਗਈ ਬੱਲੇਬਾਜ਼ਾਂ ਦੀ ਤਾਜ਼ਾ ਆਈਸੀਸੀ ਟੈਸਟ ਦਰਜਾਬੰਦੀ ਵਿੱਚ ਸਿਖਰਲਾ ਸਥਾਨ ਬਰਕਰਾਰ ਰੱਖਿਆ ਜਦੋਂਕਿ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਦੀ ਰੈਕਿੰਗ ਖਿਸਕ ਗਈ। ਆਈਸੀਸੀ ਦੇ ਬਿਆਨ ਅਨੁਸਾਰ, ਕੋਹਲੀ 928 ਅੰਕਾਂ ਨਾਲ ਦੂਜੇ ਸਥਾਨ ’ਤੇ ਚੱਲ ਰਹੇ ਆਸਟਰੇਲੀਆਈ ਸਟੀਵ ਸਮਿਥ (911) ਤੋਂ 17 ਅੰਕ ਅੱਗੇ ਹੈ। ਪੁਜਾਰਾ ਇੱਕ ਦਰਜੇ ਦੇ ਨੁਕਸਾਨ ਨਾਲ 791 ਅੰਕ ਲੈ ਕੇ 6ਵੇਂ ਜਦਕਿ ਰਹਾਣੇ (759 ਅੰਕ) ਦੋ ਦਰਜਿਆਂ ਦੇ ਨੁਕਸਾਨ ਨਾਲ 9ਵੇਂ ਸਥਾਨ ’ਤੇ ਖਿਸਕ ਗਿਆ।
ਗੇਂਦਬਾਜ਼ਾਂ ਦੀ ਸੂੁਚੀ ਵਿੱਚ ਟੀਮ ’ਚ ਵਾਪਸੀ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 794 ਅੰਕਾਂ ਨਾਲ ਛੇਵਾਂ ਸਥਾਨ ਬਰਕਰਾਰ ਰੱਖਿਆ। ਸਪਿੰਨਰ ਰਵੀਚੰਦਰਨ ਅਸ਼ਵਿਨ (772 ਅੰਕ) ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (771 ਅੰਕ) ਕ੍ਰਮਵਾਰ 9ਵੇਂ ਅਤੇ 10ਵੇਂ ਸਥਾਨ ’ਤੇ ਹਨ। ਆਸਟਰੇਲੀਆ ਦੇ ਬੱਲੇਬਾਜ਼ ਮਾਰਨਸ ਲਾਬੂਸ਼ਾਨੇ ਨੇ ਆਪਣੇ ਕਰੀਅਰ ਦਾ ਸਰਵੋਤਮ ਤੀਜਾ ਸਥਾਨ ਹਾਸਲ ਕੀਤਾ ਹੈ। 25 ਸਾਲ ਦੇ ਇਸ ਖਿਡਾਰੀ ਨੇ ਨਿਊਜ਼ੀਲੈਂਡ ਖ਼ਿਲਾਫ਼ ਆਖ਼ਰੀ ਟੈਸਟ ਵਿੱਚ 215 ਅਤੇ 59 ਦੌੜਾਂ ਦੀਆਂ ਪਾਰੀਆਂ ਖੇਡੀਆਂ ਸਨ। ਉਹ ਹਾਲ ਹੀ ਵਿੱਚ ਖ਼ਤਮ ਹੋਈ ਇਸ ਲੜੀ ਵਿੱਚ 549 ਦੌੜਾਂ ਬਣਾ ਕੇ ਚੋਟੀ ਦਾ ਸਕੋਰਰ ਰਿਹਾ। ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਪੈਟ ਕਮਿਨਸ 904 ਅੰਕਾਂ ਨਾਲ ਸੂਚੀ ਵਿੱਚ ਚੋਟੀ ’ਤੇ ਹੈ, ਉਸ ਮਗਰੋਂ ਨਿਊਜ਼ੀਲੈਂਡ ਦੇ ਨੀਲ ਵੈਗਨਰ (852 ਅੰਕ) ਅਤੇ ਵੈਸਟ ਇੰਡੀਜ਼ ਦੇ ਜੇਸਨ ਹੋਲਡਰ (830 ਅੰਕ) ਦਾ ਨੰਬਰ ਆਉਂਦਾ ਹੈ। ਆਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਪੰਜਵੀਂ ਰੈਂਕਿੰਗ ਹਾਸਲ ਕੀਤੀ ਹੈ। ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਲੜੀ ਦੌਰਾਨ 15 ਵਿਕਟਾਂ ਝਟਕਾਈਆਂ ਸਨ। ਸਪਿੰਨਰ ਨਾਥਨ ਲਿਓਨ ਨੂੰ ਆਖ਼ਰੀ ਮੈਚ ਵਿੱਚ 10 ਵਿਕਟਾਂ ਲੈਣ ਦਾ ਫ਼ਾਇਦਾ ਮਿਲਿਆ, ਜਿਸ ਦੀ ਬਦੌਲਤ ਉਹ ਪੰਜ ਦਰਜੇ ਉਪਰ 14ਵੇਂ ਸਥਾਨ ’ਤੇ ਪਹੁੰਚ ਗਿਆ। ਨਿਊਜ਼ੀਲੈਂਡ ਦਾ ਹਰਫ਼ਨਮੌਲਾ ਕੋਲਿਨ ਡੀ ਗਰੈਂਡਹੋਮ ਬੱਲੇਬਾਜ਼ਾਂ ਦੀ ਸੂਚੀ ਵਿੱਚ 47ਵੇਂ ਤੋਂ 39ਵੇਂ ਅਤੇ ਗੇਂਦਬਾਜ਼ਾਂ ਦੀ ਸੂਚੀ ਵਿੱਚ 36ਵੇਂ ਤੋਂ 34ਵੇਂ ਸਥਾਨ ’ਤੇ ਪਹੁੰਚ ਗਿਆ। ਇੰਗਲੈਂਡ ਦੇ ਹਰਫ਼ਨਮੌਲਾ ਬੈੱਨ ਸਟੋਕਸ ਨੇ ਚੋਟੀ ਦੇ ਦਸ ਬੱਲੇਬਾਜ਼ਾਂ ਵਿੱਚ ਥਾਂ ਬਣਾ ਲਈ ਹੈ। ਉਹ 15ਵੇਂ ਤੋਂ 10ਵੇਂ ਨੰਬਰ ’ਤੇ ਆ ਗਿਆ। ਹਾਲਾਂਕਿ ਉਸ ਦੀ ਪਿਛਲੇ ਸਾਲ ਨਵੰਬਰ ਵਿੱਚ ਸਰਵੋਤਮ ਰੈਂਕਿੰਗ ਨੌਂ ਸੀ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ 28ਵੀਂ ਵਾਰ ਪੰਜ ਵਿਕਟਾਂ ਦੇ ਰਿਕਾਰਡ ਨਾਲ ਗੇਂਦਬਾਜ਼ਾਂ ਦੀ ਸੂਚੀ ਵਿੱਚ ਦੁਬਾਰਾ ਸਿਖਰਲੇ 10 ਵਿੱਚ ਥਾਂ ਬਣਾਉਣ ਵਿੱਚ ਸਫਲ ਰਿਹਾ।