ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਟੈਲੀਵਿਜ਼ਨ ਚੈਨਲਾਂ ਲਈ ਸਵੈ-ਨਿਯਮਾਂ ਵਾਲਾ ਚੋਖਟਾ ਅਸਰਦਾਰ ਹੋਣਾ ਚਾਹੀਦਾ ਹੈ। ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਬੰਬੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ। ਨਿਊਜ਼ ਬਰਾਡਕਾਸਟਰ ਐਸੋਸੀਏਸ਼ਨ (ਐੱਨਬੀਏ) ਨੇ ਬੰਬੇ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਟੀਵੀ ਚੈਨਲਾਂ ਦੇ ਖੁ਼ਦ ’ਤੇ ਕੰਟਰੋਲ ਨੂੰ ਲੈ ਕੇ ਪ੍ਰਤੀਕੂਲ ਟਿੱਪਣੀਆਂ ਕੀਤੀਆਂ ਗਈਆਂ ਸਨ। ਕੋਰਟ ਨੇ ਸਵੈ-ਨਿਯਮਾਂ ਵਾਲੇ ਚੌਖਟੇ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਐੱਨਬੀਏ ਕੌਂਸਲ ਤੋਂ ਸੁਝਾਅ ਮੰਗੇ ਸਨ। ਕੋਰਟ ਨੇ ਸੁਣਵਾਈ ਦੌਰਾਨ ਨੋਟਿਸ ਲਿਆ ਕਿ 2008 ਵਿੱਚ ਸਜ਼ਾ ਦੀ ਜਿਹੜੀ ਵਿਵਸਥਾ ਕੀਤੀ ਗਈ ਸੀ, ਉਦੋਂ ਤੋਂ ਉਸ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਕੋਰਟ ਨੇ ਕਿਹਾ ਕਿ ਕਿਸੇ ਵੀ ਟੀਵੀ ਚੈਨਲ ਨੂੰ ਲਾਇਆ ਜਾਣ ਵਾਲਾ ਜੁਰਮਾਨਾ ਚੈਨਲ ਨੂੰ ਉਸ ਸ਼ੋਅ ਤੋਂ ਹੋਣ ਵਾਲੀ ਕਮਾਈ ਦੇ ਅਨੁਪਾਤ ਮੁਤਾਬਕ ਹੋਣਾ ਚਾਹੀਦਾ ਹੈ। ਕੋਰਟ ਨੇ ਪਟੀਸ਼ਨ ’ਤੇ ਨੋਟਿਸ ਜਾਰੀ ਕਰਦਿਆਂ ਪ੍ਰਤੀਵਾਦੀ ਧਿਰ ਨੂੰ ਜਵਾਬ ਦਾਅਵਾ ਦਾਖ਼ਲ ਕਰਨ ਲਈ ਕਿਹਾ ਹੈ। ਕੋਰਟ ਨੇ ਇਸ਼ਾਰਾ ਕੀਤਾ ਕਿ ਉਹ ੲਿਸ ਮੁੱਦੇ ’ਤੇ ਦਿਸ਼ਾ-ਨਿਰਦੇਸ਼ ਜਾਰੀ ਕਰੇਗੀ। ਇਹੀ ਨਹੀਂ ਕੋਰਟ ਨੇ ਐੱਨਬੀਏ ਨੂੰ ਕਿਹਾ ਕਿ ਉਹ ਸੇਵਾਮੁਕਤ ਜੱਜਾਂ- ਜਸਟਿਸ ਸੀਕਰੀ ਤੇ ਜਸਟਿਸ ਰਵੀਂਦਰਨ ਤੋਂ ਸੁਝਾਅ ਲਏ।