ਨਵੀਂ ਦਿੱਲੀ, 14 ਜਨਵਰੀ
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅੱਜ ਜਾਰੀ ਏਟੀਪੀ ਦੀ ਨਵੀਂ ਡਬਲਜ਼ ਰੈਂਕਿੰਗ ’ਚ ਪੰਜ ਸਥਾਨ ਦਾ ਸੁਧਾਰ ਕਰਦੇ ਹੋਏ 37ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਤਜ਼ਰਬੇਕਾਰ ਖਿਡਾਰੀ ਨੇ ਸੈਸ਼ਨ ਦੀ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਵੈਸਲੇ ਕੂਲਹੋਫ਼ ਨਾਲ ਮਿਲ ਕੇ ਪਿਛਲੇ ਹਫ਼ਤੇ ਏਟੀਪੀ ਕਤਰ ਓਪਨ ਦਾ ਖ਼ਿਤਾਬ ਜਿੱਤਿਆ ਸੀ, ਜਿਸ ਦਾ ਫਾਇਦਾ ਉਸ ਨੂੰ ਰੈਂਕਿੰਗ ’ਚ ਮਿਲਿਆ। ਬੋਪੰਨਾ ਦੇ ਨਾਮ ਹੁਣ 2110 ਰੈਂਕਿੰਗ ਅੰਕ ਹਨ। ਸਿਖ਼ਰਲੇ 100 ’ਚ ਸ਼ਾਮਲ ਹੋਰ ਭਾਰਤੀ ਨੂੰ ਹਾਲਾਂਕਿ ਨੁਕਸਾਨ ਝੱਲਣਾ ਪਿਆ ਹੈ। ਦਿਵਿਜ ਸ਼ਰਨ ਇਕ ਸਥਾਨ ਹੇਠਾਂ ਖਿਸਕ ਕੇ 53ਵੇਂ ਜਦੋਂਕਿ ਪੂਰਵ ਰਾਜਾ ਪੰਜ ਸਥਾਨ ਦੇ ਨੁਕਸਾਨ ਨਾਲ 91ਵੇਂ ਸਥਾਨ ’ਤੇ ਆ ਗਿਆ। ਉੱਘਾ ਖਿਡਾਰੀ ਲਿਏਂਡਰ ਪੇਸ ਨੌਂ ਸਥਾਨ ਹੇਠਾਂ ਖਿਸਕ ਕੇ 119ਵੇਂ ਸਥਾਨ ’ਤੇ ਹੈ। ਸਿੰਗਲਜ਼ ’ਚ ਪ੍ਰਜਨੇਸ਼ ਗੁਣੇਸ਼ਵਰਨ 122ਵੀਂ ਰੈਂਕਿੰਗ ਨਾਲ ਸਿਖ਼ਰਲਾ ਭਾਰਤੀ ਬਣਿਆ ਹੋਇਆ ਹੈ। ਸਿਖ਼ਰਲੇ 200 ’ਚ ਸ਼ਾਮਲ ਸੁਮਿਤ ਨਾਗਲ ਤੇ ਰਾਮਕੁਮਾਰ ਰਾਮਨਾਥਨ ਨੂੰ ਦੋ-ਦੋ ਸਥਾਨਾਂ ਦਾ ਨੁਕਸਾਨ ਹੋਇਆ। ਨਾਗਲ 130ਵੇਂ ਤੇ ਰਾਮਨਾਥਨ 185ਵੇਂ ਸਥਾਨ ’ਤੇ ਹਨ। ਕੌਮਾਂਤਰੀ ਖਿਡਾਰੀਆਂ ਦੀ ਰੈਂਕਿੰਗ ’ਚ ਸਪੇਨ ਦਾ ਰਾਫ਼ੇਲ ਨਡਾਲ ਸਿਖ਼ਰ ’ਤੇ ਕਾਇਮ ਹੈ। ਜੋਕੋਵਿਚ ਦੂਜੇ ਅਤੇ ਰੋਜਰ ਫੈਡਰਰ ਤੀਜੇ ਸਥਾਨ ’ਤੇ ਕਾਇਮ ਹੈ।