ਪੈਰਿਸ, 16 ਜੁਲਾਈ
ਨੋਵਾਕ ਜੋਕੋਵਿਚ ਨੇ ਵਿੰਬਲਡਨ ਖ਼ਿਤਾਬ ਦਾ ਸ਼ਾਨਦਾਰ ਬਚਾਅ ਕਰਕੇ ਅੱਜ ਜਾਰੀ ਏਟੀਪੀ ਦੀ ਤਾਜ਼ਾ ਰੈਂਕਿੰਗ ਵਿੱਚ ਪਹਿਲੇ ਸਥਾਨ ’ਤੇ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਇਸੇ ਤਰ੍ਹਾਂ ਮਹਿਲਾਵਾਂ ਦੇ ਵਰਗ ਵਿੱਚ ਸਿਮੋਨਾ ਹਾਲੇਪ ਡਬਲਯੂਟੀਏ ਰੈਂਕਿੰਗ ਵਿੱਚ ਸੱਤਵੇਂ ਤੋਂ ਚੌਥੇ ਸਥਾਨ ’ਤੇ ਪਹੁੰਚ ਗਈ।
ਸਰਬੀਆ ਦੇ 32 ਸਾਲ ਦੇ ਜੋਕੋਵਿਚ ਨੇ ਕੱਲ੍ਹ ਪੰਜ ਸੈੱਟ ਤੱਕ ਲਗਪਗ ਪੰਜ ਘੰਟੇ ਚੱਲੇ ਰੋਮਾਂਚਕ ਮੁਕਾਬਲੇ ਵਿੱਚ ਰੋਜਰ ਫੈਡਰਰ ਨੂੰ ਸ਼ਿਕਸਤ ਦੇ ਕੇ ਪੰਜਵਾਂ ਵਿੰਬਲਡਨ ਅਤੇ 16ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤਿਆ। ਉਸ ਦੇ ਅਤੇ ਦੂਜੇ ਸਥਾਨ ’ਤੇ ਕਾਬਜ਼ ਰਾਫੇਲ ਨਡਾਲ ਵਿਚਾਲੇ 4500 ਤੋਂ ਵੱਧ ਅੰਕਾਂ ਦਾ ਫ਼ਰਕ ਹੈ। ਇਸੇ ਤਰ੍ਹਾਂ ਤੀਜੇ ਸਥਾਨ ’ਤੇ ਕਾਬਜ਼ ਸਵਿਟਜ਼ਰਲੈਂਡ ਦਾ 37 ਸਾਲ ਦਾ ਫੈਡਰਰ ਨਡਾਲ ਤੋਂ 485 ਅੰਕ ਨਾਲ ਪੱਛੜਿਆ ਹੋਇਆ ਹੈ। ਡਬਲਯੂਟੀਏ ਰੈਂਕਿੰਗ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਕੋਈ ਬਦਲਾਅ ਨਹੀਂ ਹੋਇਆ। ਵਿੰਬਲਡਨ ਦੇ ਆਖ਼ਰੀ-16 ਤੋਂ ਬਾਹਰ ਹੋਣ ਦੇ ਬਾਵਜੂਦ ਐਸ਼ਲੇ ਬਾਰਟੀ ਪਹਿਲੇ ਸਥਾਨ ’ਤੇ ਬਰਕਰਾਰ ਹੈ। ਨਾਓਮੀ ਓਸਾਕਾ ਦੂਜੇ ਅਤੇ ਕੈਰੋਲੀਨਾ ਪਲਿਸਕੋਵਾ ਤੀਜੇ ਸਥਾਨ ’ਤੇ ਹੈ। ਬੀਤੇ ਦਿਨੀਂ ਸੇਰੇਨਾ ਵਿਲੀਅਮਜ਼ ਨੂੰ ਹਰਾ ਕੇ ਵਿੰਬਲਡਨ ਚੈਂਪੀਅਨ ਬਣੀ ਰੋਮਾਨੀਆ ਦੀ ਹਾਲੇਪ ਰੈਂਕਿੰਗ ਵਿੱਚ ਚੌਥੇ ਸਥਾਨ ’ਤੇ ਹੈ, ਜਦੋਂਕਿ ਸੇਰੇਨਾ ਦਸਵੇਂ ਤੋਂ ਨੌਵੇਂ ਸਥਾਨ ’ਤੇ ਆ ਗਈ। ਵਿਸ਼ਵ ਦੀ ਸਾਬਕਾ ਇੱਕ ਨੰਬਰ ਖਿਡਾਰਨ ਏਂਜਲਿਕ ਕਰਬਰ ਨੂੰ ਅੱਠ ਸਥਾਨਾਂ ਦੇ ਨੁਕਸਾਨ ਨਾਲ ਸਰਵੋਤਮ ਦਸ ਖਿਡਾਰਨਾਂ ਦੀ ਸੂਚੀ ਵਿੱਚੋਂ ਬਾਹਰ ਹੋਣ ਪਿਆ। ਵਿੰਬਲਡਨ ਦੇ ਦੂਜੇ ਗੇੜ ਵਿੱਚ ਲੌਰੀਨ ਡੇਵਿਸ ਤੋਂ ਹਾਰਨ ਵਾਲੀ ਜਰਮਨੀ ਦੀ ਇਹ ਖਿਡਾਰਨ 13ਵੇਂ ਸਥਾਨ ’ਤੇ ਹੈ।