ਪਟਿਆਲਾ, 7 ਮਈ
ਭਾਰਤੀ ਖਿਡਾਰੀ ਗੁਰਸੇਵਕ ਅੰਮ੍ਰਿਤਰਾਜ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਉਸ ’ਤੇ ਕੌਮਾਂਤਰੀ ਟੈਨਿਸ ਸੰਘ ਵੱਲੋਂ ਲਾਈ ਚਾਰ ਹਫ਼ਤਿਆਂ ਦੀ ਪਾਬੰਦੀ ਵੱਧ ਸਕਦੀ ਹੈ। ਬੀਤੀ 16 ਅਪਰੈਲ ਨੂੰ ਗੁਰਸੇਵਕ ’ਤੇ ਪਾਬੰਦੀ ਦੇ ਨਾਲ-ਨਾਲ 100 ਡਾਲਰ ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਪਾਬੰਦੀ ਦੀ ਮਿਆਦ 13 ਮਈ ਨੂੰ ਖ਼ਤਮ ਹੋਣ ਵਾਲੀ, ਪਰ ਉਸ ਨੂੰ ਅਗਲੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤਰ੍ਹਾਂ ਉਸ ਦਾ ਇਟਲੀ ਵਿੱਚ 22 ਮਈ ਤੋਂ ਸ਼ੁਰੂ ਹੋਣ ਵਾਲੀ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਖੇਡਣ ਦਾ ਮੌਕਾ ਖੁੰਝ ਗਿਆ ਹੈ। ਇਸ ਤੋਂ ਇਲਾਵਾ ਜਪਾਨ ਤੇ ਸਪੇਨ ਵਿੱਚ ਹੋਣ ਵਾਲੇ ਦੋ ਹੋਰ ਕੌਮਾਂਤਰੀ ਟੂਰਨਾਮੈਂਟ ਵੀ ਹੱਥੋਂ ਨਿਕਲ ਗਏ| ਇਨ੍ਹਾਂ ਟੂਰਨਾਮੈਂਟ ਵਿੱਚ ਨਾ ਖੇਡਣ ਦਾ ਅਸਰ ਉਸ ਦੀ ਦਰਜਾਬੰਦੀ ’ਤੇ ਵੀ ਪੈ ਸਕਦਾ ਹੈ। ਪੰਜਾਬ ਦੇ ਇਸ ਖਿਡਾਰੀ ਦੀ ਇਸ ਮੌਕੇ ਵਿਸ਼ਵ ਦਰਜਾਬੰਦੀ 436 ਅਤੇ ਕੌਮੀ ਪੱਧਰ ’ਤੇ ਨੌਂ ਹੈ| ਗੁਰਸੇਵਕ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਤਕ ਪਾਬੰਦੀ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਉਸ ਨੂੰ ਈਮੇਲ ਰਾਹੀਂ ਮੁਲਤਵੀ ਤੇ ਜੁਰਮਾਨੇ ਬਾਰੇ ਜਾਣਕਾਰੀ ਦਿੱਤੀ ਗਈ ਸੀ ਅਤੇ ਅਪੀਲ ਕਰਨ ਲਈ ਦਸ ਦਿਨ ਹੀ ਦਿੱਤੇ ਸਨ। ਜਦੋਂ ਇਸ ਬਾਰੇ ਉਸ ਨੇ ਈ-ਮੇਲ ਰਾਹੀਂ ਆਪਣਾ ਪੱਖ ਰੱਖਣਾ ਚਾਹਿਆ ਤਾਂ ਭਾਰਤੀ ਟੈਨਿਸ ਸੰਘ ਵੱਲੋਂ ਕੋਈ ਜਵਾਬ ਨਹੀਂ ਆਇਆ| ਗੁਰਸੇਵਕ ਸਿੰਘ ਨੇ ਕਿਹਾ ਕਿ ਉਪਰੋਕਤ ਤਿੰਨੇ ਟੈਨਿਸ ਟੂਰਨਾਮੈਂਟ ਉਸ ਲਈ ਅਹਿਮ ਸਨ|
ਦੱਸਣਾ ਬਣਦਾ ਹੈ ਕਿ ਕੁਝ ਵਰ੍ਹੇ ਪਹਿਲਾਂ ਵੀ ਕੌਮਾਂਤਰੀ ਟੈਨਿਸ ਸੰਘ ਨੇ ਗੁਰਸੇਵਕ ’ਤੇ ਗ਼ਲਤ ਨਾਗਰਿਕਤਾ ਦੇ ਦੋਸ਼ ਤਹਿਤ ਪਾਬੰਦੀ ਲਾਈ ਸੀ| ਗੁਰਸੇਵਕ ਅੰਮ੍ਰਿਤਰਾਜ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ ਹੈ। ਗੁਰਸੇਵਕ ਸੰਗਰੂਰ ਜ਼ਿਲ੍ਹੇ ਦੇ ਪਿੰਡ ਢੰਡਿਆਲ ਦਾ ਰਹਿਣ ਵਾਲਾ ਹੈ।