ਨਵੀਂ ਦਿੱਲੀ:ਭਾਰਤੀ ਨੌਜਵਾਨ ਟੇਬਲ ਟੈਨਿਸ ਖਿਡਾਰਨਾਂ ਦੀਆ ਚਿਤਾਲੇ ਅਤੇ ਸਵਾਸਤਿਕਾ ਘੋਸ਼ ਦੀ ਜੋੜੀ ਨੂੰ ਟਿਊਨੀਸ਼ੀਆ ਵਿੱਚ ਚੱਲ ਰਹੇ ‘2021 ਵਿਸ਼ਵ ਟੇਬਲ ਟੈਨਿਸ ਯੂਥ ਸਟਾਰ’ ਮੁਕਾਬਲੇ ਵਿੱਚ ਅੰਡਰ-19 ਮਹਿਲਾ ਡਬਲਜ਼ ਵਿੱਚ ਰੂਸ ਦੀ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਨੂੰ ਰੂਸ ਦੀ ਨਤਾਲੀਆ ਮਲਿਨੀਆ ਤੇ ਐਲਿਜ਼ਾਬੇਥ ਅਬਰਾਮੀਆ ਦੀ ਜੋੜੀ ਨੇ 3-11, 6-11 ਅਤੇ 7-11 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਜੋੜੀ ਨੇ ਲਿੰਡਾ ਜ਼ਾਦਰੋਵਾ ਅਤੇ ਕਰੋਏਸ਼ੀਆ ਦੀ ਹਨਾ ਅਰਾਪੋਵਿਕ ਦੀ ਜੋੜੀ ਨੂੰ ਹਰਾਇਆ। ਦੀਆ ਅਤੇ ਸਵਾਸਤਿਕਾ ਨੇ ਅੰਡਰ-19 ਸਿੰਗਲ ਵਰਗ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਜਿੱਤ ਨੂੰ ਆਪਣੀ ਝੋਲੀ ਨਾ ਪਾ ਸਕੀਆਂ। ਦੀਆ ਨੂੰ ਰੂਸ ਦੀ ਵਲਾਦਾ ਵੋਰੋਨਿਨਾ ਤੋਂ 8-11, 11-7, 11-6, 8-11 ਅਤੇ 7-11 ਨਾਲ ਜਦੋਂਕਿ ਸਵਾਸਤਿਕਾ ਨੂੰ ਤੁਰਕੀ ਦੀ ਏਸ ਹਰਾਕ ਤੋਂ 11-8, 4-11, 11-9, 3-11 ਤੇ 6-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕਰੋਨਾ ਮਹਾਮਾਰੀ ਫੈਲਣ ਤੋਂ ਬਾਅਦ ਇਹ ਪਹਿਲਾ ਕੌਮਾਂਤਰੀ ਯੂਥ ਟੂਰਨਾਮੈਂਟ ਹੈ, ਜਿਸ ਵਿੱਚ ਭਾਰਤੀ ਖਿਡਾਰੀ ਸ਼ਮੂਲੀਅਤ ਕਰ ਰਹੇ ਹਨ।