ਨਵੀਂ ਦਿੱਲੀ, 27 ਫਰਵਰੀ

ਦਿੱਲੀ ਹਾਈ ਕੋਰਟ ਨੇ ਵਾਤਾਵਰਨ ਕਾਰਕੁਨ ਦਿਸ਼ਾ ਰਵੀ ਖ਼ਿਲਾਫ਼ ਉਸ ਐੱਫਆਈਆਰ ਦੀ ਜਾਂਚ ਦੀ ਸਥਿਤੀ ਬਾਰੇ ਕੇਂਦਰ ਨੂੰ ਜਾਣੂ ਕਰਵਾਉਣ ਲਈ ਕਿਹਾ ਹੈ, ਜੋ 2021 ਵਿੱਚ ਹੋਏ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੀ ਇੱਕ ‘ਟੂਲਕਿਟ’ ਸਾਂਝਾ ਕਰਨ ਵਿੱਚ ਉਸ ਦੀ ਕਥਿਤ ਸ਼ਮੂਲੀਅਤ ਸਬੰਧੀ ਦਰਜ ਕੀਤੀ ਗਈ ਸੀ। ਅਦਾਲਤ ਨੇ ਆਦੇਸ਼ ਵਿੱਚ ਕਿਹਾ, ‘‘ਭਾਰਤ ਸਰਕਾਰ ਪਟੀਸ਼ਨਰ ਖ਼ਿਲਾਫ਼ ਜਾਂਚ ਅਤੇ ਇਸ ਦੀ ਮੌਜੂਦਾ ਸਥਿਤੀ ਸਬੰਧੀ ਇੱਕ ‘ਸਥਿਤੀ ਰਿਪੋਰਟ’ ਦਾਖ਼ਲ ਕਰੇ।’’ ਪਟੀਸ਼ਨਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਖਿਲ ਸਿੱਬਲ ਨੇ ਅਦਾਲਤ ਨੂੰ ਕਿਹਾ ਕਿ ਜਾਂਚ ਏਜੰਸੀ ਵੱਲੋਂ ਦੋਸ਼ ਪੱਤਰ ਦਾਖ਼ਲ ਕੀਤਾ ਜਾਣਾ ਅਜੇ ਬਾਕੀ ਹੈ। ਉਨ੍ਹਾਂ ਅਦਾਲਤ ਨੂੰ ਇਹ ਵੀ ਦੱਸਿਆ ਕਿ ਪਟੀਸ਼ਨਰ ਜ਼ਮਾਨਤ ’ਤੇ ਹੈ। ਅਜਿਹੇ ਵਿੱਚ ਦੇਸ਼ਧ੍ਰੋਹ ਕਾਨੂੰਨ ਦੀ ਸੰਵਿਧਾਨਕ ਬੈਧਤਾ ਦਾ ਮੁੱਦਾ ਵੀ ਸੁਪਰੀਮ ਕੋਰਟ ਕੋਲ ਪੈਂਡਿੰਗ ਹੈ।