ਦੁਬਈ, 5 ਨਵੰਬਰ

ਪਹਿਲਾਂ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਾਮੀ, ਰਵਿੰਦਰ ਜਡੇਜਾ ਤੇ ਰਵੀਚੰਦਰਨ ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਮਗਰੋਂ ਦੋਵਾਂ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਲੋਕੇਸ਼ ਰਾਹੁਲ ਦੀ ਬੱਲੇਬਾਜ਼ੀ ਸਦਕਾ ਭਾਰਤ ਨੇ ਅੱਜ ਇਥੇ ਟੀ-20 ਵਿਸ਼ਵ ਕੱਪ ਦੇ ਸੁੁਪਰ 12 ਦੇ ਗੇੜ ਵਿਚ ਸਕਾਟਲੈਂਡ ਦੀ ਪੂਰੀ ਟੀਮ ਨੂੰ 85 ਦੌੜਾਂ ’ਤੇ ਆਊਟ ਕਰਨ ਮਗਰੋਂ ਜੇਤੂ ਟੀਚਾ 6.3 ਓਵਰਾਂ ਵਿੱਚ ਪੂਰਾ ਕਰ ਲਿਆ। ਲੋਕੇਸ਼ ਰਾਹੁਲ ਨੇ 19 ਗੇਂਦਾਂ ਵਿੱਚ ਨਾਬਾਦ ਨੀਮ ਸੈਂਕੜਾ ਤੇ ਰੋਹਿਤ ਸ਼ਰਮਾ ਨੇ 16 ਗੇਂਦਾਂ ’ਤੇ 30 ਦੌੜਾਂ ਬਣਾਈਆਂ। ਇਸ ਜਿੱਤ ਨਾਲ ਭਾਰਤ ਦੀ ਨੈੱਟ ਦੌੜ ਔਸਤ +1.619 ਹੋ ਗਈ ਹੈ, ਜੋ ਗਰੁੱਪ 2 ਵਿਚ ਸਭ ਤੋਂ ਵੱਧ ਹੈ। ਬੁਮਰਾਹ ਤੇ ਜਡੇਜਾ ਨੇ 2-2 ਜਦੋਂਕਿ ਅਸ਼ਵਿਨ ਤੇ ਮੁਹੰਮਦ ਸ਼ਾਮੀ ਨੇ ਕ੍ਰਮਵਾਰ ਇਕ ਤੇ ਤਿੰਨ ਵਿਕਟਾਂ ਲਈਆਂ। ਭਾਰਤ ਨੇ ਟਾਸ ਜਿੱਤ ਕੇ ਸਕਾਟਲੈਂਡ ਨੂੰ ਪਹਿਲਾਂ ਖੇਡਣ ਦਾ ਸੱਦਾ ਦਿੱਤਾ ਸੀ। ਭਾਰਤ ਦੀਆਂ ਸੈਮੀ ਫਾਈਨਲ ਵਿੱਚ ਦਾਖ਼ਲ ਹੋਣ ਦੀਆਂ ਆਸਾਂ ਭਾਵੇਂ ਮੱਧਮ ਹਨ, ਪਰ ਟੀਮ ਨੂੰ ਇਸ ਦੌੜ ’ਚ ਬਣੇ ਰਹਿਣ ਲਈ ਨਿਊਜ਼ੀਲੈਂਡ ਦੇ ਅਫ਼ਗਾਨਿਸਤਾਨ ਹੱਥੋਂ ਵੱਡੀ ਲੀਡ ਨਾਲ ਹਾਰਨ ਤੇ ਨਾਮੀਬੀਆ ਖਿਲਾਫ਼ ਆਪਣੇ ਆਖਰੀ ਮੁਕਾਬਲੇ ’ਚ ਵੱਡੀ ਜਿੱਤ ਦੀ ਕਾਮਨਾ ਕਰਨੀ ਹੋਵੇਗੀ।