ਸਿਡਨੀ, 18 ਫਰਵਰੀ
ਮਿਤਾਲੀ ਰਾਜ ਅਤੇ ਝੂਲਨ ਗੋਸਵਾਮੀ ਵਰਗੀਆਂ ਖਿਡਾਰਨਾਂ ਦੇ ਹਟਣ ਨਾਲ ਖਾਲੀ ਹੋਈ ਥਾਂ ਭਰਨਾ ਸੌਖਾ ਨਹੀਂ, ਪਰ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਅੱਜ ਕਿਹਾ ਕਿ ਉਸ ਦੀ ਟੀਮ ਇਸ ਤੋਂ ਅੱਗੇ ਵਧ ਗਈ ਹੈ ਅਤੇ ਇਸ ਹਫ਼ਤੇ ਸ਼ੁਰੂ ਹੋ ਰਹੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਉਹ ਮਜ਼ਬੂਤ ਦਾਅਵੇਦਾਰ ਹੋਣਗੇ। ਹਾਲਾਂਕਿ ਉਸ ਨੇ ਕਿਹਾ ਕਿ ਦੋਵੇਂ ਤਜਰਬੇਕਾਰ ਖਿਡਾਰਨਾਂ ਦੀ ਘਾਟ ਰੜਕੇਗੀ। ਮਿਤਾਲੀ ਨੇ ਬੀਤੇ ਸਾਲ ਅਤੇ ਝੂਲਨ ਨੇ ਸਾਲ 2018 ਵਿੱਚ ਟੀ-20 ਤੋਂ ਸੰਨਿਆਸ ਲੈ ਲਿਆ ਸੀ। ਆਸਟਰੇਲੀਆ ਵਿੱਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਲਈ ਗਈ ਭਾਰਤੀ ਟੀਮ ਦੀ ਔਸਤ ਉਮਰ 22.8 ਸਾਲ ਹੈ। ਹਰਮਨਪ੍ਰੀਤ ਨੇ ਇੱਥੇ ਤਾਰੋਂਗਾ ਚਿੜੀਆ ਘਰ ਵਿੱਚ ਕਪਤਾਨਾਂ ਲਈ ਰੱਖੇ ਗਏ ਮੀਡੀਆ ਪ੍ਰੋਗਰਾਮ ਵਿੱਚ ਕਿਹਾ, ‘‘ਸਾਨੂੰ ਉਨ੍ਹਾਂ ਦੇ ਤਜਰਬੇ ਦੀ ਘਾਟ ਰੜਕਦੀ ਹੈ, ਪਰ ਇਨ੍ਹਾਂ ਖਿਡਾਰਨਾਂ ਨੇ ਆਪਣਾ ਹੁਨਰ ਅਤੇ ਸਮਰੱਥਾ ਵਿਖਾਈ ਹੈ।’’
ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਆਗਾਜ਼ ਭਾਰਤ ਅਤੇ ਮੇਜ਼ਬਾਨ ਆਸਟਰੇਲੀਆ ਵਿਚਾਲੇ 21 ਫਰਵਰੀ ਨੂੰ ਐਡੀਲੇਡ ਵਿੱਚ ਹੋਣ ਵਾਲੇ ਮੈਚ ਨਾਲ ਹੋਵੇਗਾ। ਭਾਰਤੀ ਕਪਤਾਨ ਨੇ ਕਿਹਾ, ‘‘ਦੋ ਸਾਲ ਪਹਿਲਾਂ ਮੈਂ ਟੀਮ ਵਿੱਚ ਸਭ ਤੋਂ ਮੁਟਿਆਰ ਖਿਡਾਰਨਾਂ ਵਿੱਚੋਂ ਇੱਕ ਸੀ, ਪਰ ਹੁਣ ਸਭ ਤੋਂ ਮਾਹਿਰ ਖਿਡਾਰਨ ਹਾਂ।’’
ਭਾਰਤੀ ਟੀਮ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ ਜਿੱਤਣ ਤੋਂ ਮਾਮੂਲੀ ਫ਼ਰਕ ਨਾਲ ਖੁੰਝ ਗਈ ਸੀ। ਟੀਮ ਦੀ ਕਪਤਾਨ ਨੇ ਕਿਹਾ ਕਿ ਉਹ ਟੀ-20 ਵਿਸ਼ਵ ਕੱਪ ਨੂੰ ਜਿੱਤ ਕੇ ਇੱਕ ਰੋਜ਼ਾ ਵਿਸ਼ਵ ਕੱਪ ਦੀ ਕਮੀ ਪੂਰਾ ਕਰਨਾ ਚਾਹੁੰਦੀ ਹੈ। ਭਾਰਤੀ ਮਹਿਲਾ ਟੀਮ 2017 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਖ਼ਿਤਾਬ ਦੇ ਕਾਫ਼ੀ ਨੇੜੇ ਪਹੁੰਚ ਕੇ ਫਾਈਨਲ ਵਿੱਚ ਮੇਜ਼ਬਾਨ ਇੰਗਲੈਂਡ ਤੋਂ ਨੌਂ ਦੌੜਾਂ ਨਾਲ ਹਾਰ ਗਈ ਸੀ। ਹਰਮਨਪ੍ਰੀਤ ਨੇ ਕਿਹਾ ਕਿ ਭਾਰਤੀ ਟੀਮ ਬੀਤੇ ਤਿੰਨ ਸਾਲਾਂ ਦੀ ਮੁਹਾਰਤਾ ਨੂੰ ਪੂਰੀ ਤਰ੍ਹਾਂ ਵਰਤਣ ਦੀ ਕੋਸ਼ਿਸ਼ ਕਰੇਗੀ। ਭਾਰਤੀ ਕਪਤਾਨ ਨੇ ਕਿਹਾ, ‘‘ਜੇਕਰ ਅਸੀਂ ਜਿੱਤਦੇ ਹਾਂ ਤਾਂ ਇਹ ਵੱਡੀ ਪ੍ਰਾਪਤੀ ਹੋਵੇਗੀ, 2017 ਵਿੱਚ ਸਾਨੂੰ ਜੋ ਪ੍ਰਤੀਕਿਰਿਆ ਮਿਲੀ, ਉਸ ਤੋਂ ਮੈਂ ਹੈਰਾਨ ਸੀ।’’ ਉਨ੍ਹਾਂ ਕਿਹਾ ਕਿ ਟੀਮ ਆਪਣਾ ਸਰਵੋਤਮ ਪ੍ਰਦਰਸ਼ਨ ਦੀ ਕੋਸ਼ਿਸ਼ ਕਰੇਗੀ।
ਹਰਮਨਪ੍ਰੀਤ ਨੇ ਕਿਹਾ, ‘‘ਜੇਕਰ ਅਸੀਂ ਮਹਿਲਾ ਆਈਪੀਐੱਲ ਖੇਡਦੇ ਹਾਂ ਤਾਂ ਇਹ ਸਾਡੇ ਲਈ ਕਾਫ਼ੀ ਚੰਗਾ ਹੋਵੇਗਾ। ਅਸੀਂ ਵਿਸ਼ਵ ਕੱਪ ਜਿੱਤਦੇ ਹਾਂ ਤਾਂ ਟੀਮ ਵਜੋਂ ਇਹ ਬਹੁਤ ਵੱਡੀ ਗੱਲ ਹੋਵੇਗੀ, ਇਸ ਲਈ ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।’’