ਕੈਨਬਰਾ, 27 ਫਰਵਰੀ
ਇੰਗਲੈਂਡ ਨੇ ਅੱਜ ਇੱਥੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਥਾਈਲੈਂਡ ’ਤੇ ਰਿਕਾਰਡ 98 ਦੌੜਾਂ ਨਾਲ ਜਿੱਤ ਦਰਜ ਕੀਤੀ। ਈਥਰ ਨਾਈਟ ਨੇ ਕਪਤਾਨੀ ਪਾਰੀ ਖੇਡਦਿਆਂ ਟੀ-20 ਕੌਮਾਂਤਰੀ ਵਿੱਚ ਆਪਣਾ ਪਹਿਲਾ ਸੈਂਕਡ਼ਾ ਜਡ਼ਿਆ, ਜਿਸ ਨੇ 66 ਗੇਂਦਾਂ ਵਿੱਚ ਨਾਬਾਦ 108 ਦੌੜਾਂ ਬਣਾਈਆਂ। ਉਹ ਇਸ ਮੁਕਾਬਲੇ ਵਿੱਚ ਸੈਂਕੜਾ ਮਾਰਨ ਵਾਲੀ ਚੌਥੀ ਬੱਲੇਬਾਜ਼ ਬਣ ਗਈ। ਉਸ ਦੀ ਪਾਰੀ ਦੀ ਬਦੌਲਤ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਦੋ ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ, ਜੋ ਉਸ ਦਾ ਟੀ-20 ਕੌਮਾਂਤਰੀ ਮੈਚਾਂ ਵਿੱਚ ਸਭ ਤੋਂ ਵੱਡਾ ਸਕੋਰ ਹੈ। ਨਾਈਟ ਨੇ ਆਪਣੀ ਪਾਰੀ ਦੌਰਾਨ ਨੈਟ ਸੀਵਰ (ਨਾਬਾਦ 59 ਦੌਡ਼ਾਂ) ਨਾਲ ਤੀਜੀ ਵਿਕਟ ਲਈ 169 ਦੌੜਾਂ ਦੀ ਭਾਈਵਾਲੀ ਕੀਤੀ, ਜੋ ਮਹਿਲਾ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕਿਸੇ ਵੀ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਹੈ।
ਥਾਈਲੈਂਡ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 78 ਦੌੜਾਂ ਹੀ ਬਣਾ ਸਕਿਆ ਅਤੇ ਇਸ ਤਰ੍ਹਾਂ ਇੰਗਲੈਂਡ ਦੀ 98 ਦੌੜਾਂ ਨਾਲ ਜਿੱਤ ਟੂਰਨਾਮੈਂਟ ਦੀ ਸਭ ਤੋਂ ਵੱਡੀ ਜਿੱਤ ਬਣ ਗਈ। ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਇੱਕ ਸਮੇਂ ਉਸ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ’ਤੇ ਸੱਤ ਦੌੜਾਂ ਸੀ। ਇੰਗਲੈਂਡ ਦੀਆਂ ਦੋਵੇਂ ਸਲਾਮੀ ਬੱਲੇਬਾਜ਼ ਐਮੀ ਜੋਨਸ ਅਤੇ ਡੈਨੀ ਵਾਟ ਖਾਤਾ ਨਹੀਂ ਖੋਲ੍ਹ ਸਕੀਆਂ। ਫਿਰ ਨਾਈਟ ਅਤੇ ਸੀਵਰ ਨੇ ਜ਼ਿੰਮੇਵਾਰੀ ਸੰਭਾਲੀ। ਨਾਈਟ ਨੇ ਆਪਣੀ ਪਾਰੀ ਵਿੱਚ 13 ਚੌਕੇ ਅਤੇ ਚਾਰ ਛੱਕੇ ਜਡ਼ੇ। ਸੀਵਰ ਨੇ 52 ਗੇਂਦਾਂ ਖੇਡੀਆਂ ਅਤੇ ਅੱਠ ਚੌਕੇ ਮਾਰੇ। ਥਾਈਲੈਂਡ ਦੇ ਸਿਰਫ਼ ਤਿੰਨ ਬੱਲੇਬਾਜ਼ ਦਹਾਈ ਅੰਕ ਤੱਕ ਪਹੁੰਚੇ, ਜਿਨ੍ਹਾਂ ਵਿੱਚ ਨਥਾਕਨ ਚੰਥਮ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਆਨੀਆ ਸ਼ਰੁਬਸੋਲੇ ਨੇ 21 ਦੌਡ਼ਾਂ ਦੇ ਕੇ ਤਿੰਨ ਅਤੇ ਸੀਵਰ ਨੇ ਪੰਜ ਦੌਡ਼ਾਂ ਦੇ ਕੇ ਦੋ ਵਿਕਟਾਂ ਝਟਕਾਈਆਂ।