ਸਿਡਨੀ, 2 ਮਾਰਚ
ਲੌਰਾ ਵੋਲਵਾਰਟ ਦੇ ਨਾਬਾਦ ਨੀਮ ਸੈਂਕੜੇ ਦੇ ਦਮ ’ਤੇ ਦੱਖਣੀ ਅਫਰੀਕਾ ਨੇ ਅੱਜ ਇੱਥੇ ਪਾਕਿਸਤਾਨ ਨੂੰ 17 ਦੌੜਾਂ ਨਾਲ ਹਰਾ ਕੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਪੱਕੀ ਕਰ ਲਈ। ਹੁਣ ਉਹ ਖ਼ਿਤਾਬੀ ਮੁਕਾਬਲੇ ਵਿੱਚ ਥਾਂ ਬਣਾਉਣ ਲਈ ਭਾਰਤ ਨਾਲ ਭਿੜੇਗਾ। ਦੱਖਣੀ ਅਫਰੀਕਾ ਨੇ 20 ਸਾਲ ਦੀ ਵੋਲਵਾਰਟ ਦੀ ਨਾਬਾਦ 53 ਦੌੜਾਂ (ਅੱਠ ਚੌਕੇ) ਦੀ ਪਾਰੀ ਸਦਕਾ ਛੇ ਵਿਕਟਾਂ ’ਤੇ 136 ਦੌੜਾਂ ਬਣਾਈਆਂ। ਵੋਲਵਾਰਟ ਨੇ ਪਾਰੀ ਦੀਆਂ ਆਖ਼ਰੀ ਅੱਠ ਗੇਂਦਾਂ ਵਿੱਚੋਂ ਚਾਰ ਚੌਕੇ ਲਈ ਭੇਜੀਆਂ। ਪਾਕਿਸਤਾਨੀ ਟੀਮ ਇਸ ਟੀਚੇ ਦੇ ਜਵਾਬ ਵਿੱਚ ਪੰਜ ਵਿਕਟਾਂ ਪਿੱਛੇ 119 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਦੱਖਣੀ ਅਫਰੀਕਾ ਲਗਾਤਾਰ ਤੀਜੀ ਜਿੱਤ ਨਾਲ ਆਖ਼ਰੀ ਚਾਰ ਵਿੱਚ ਪਹੁੰਚਿਆ। ਦੂਜੇ ਪਾਸੇ ਭਾਰਤ ਨੇ ਆਪਣੇ ਲੀਗ ਗਰੁੱਪ ਦੇ ਚਾਰੇ ਮੈਚ ਜਿੱਤ ਕੇ ਆਖ਼ਰੀ-4 ਵਿੱਚ ਥਾਂ ਬਣਾਈ ਹੈ।
ਹੁਣ ਉਹ ਵੀਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ ਵਿੱਚ ਭਾਰਤ ਨਾਲ ਭਿੜੇਗੀ। ਲਾਈਜ਼ਲੀ ਲੀ (ਚਾਰ ਦੌੜਾਂ) ਨੇ ਥਾਈਲੈਂਡ ਖ਼ਿਲਾਫ਼ ਸੈਂਕੜਾ ਜੜਿਆ ਸੀ, ਪਰ ਉਹ ਇੱਥੇ ਵੱਡੀ ਪਾਰੀ ਨਹੀਂ ਖੇਡ ਸਕੀ ਅਤੇ ਡਿਆਨਾ ਬੇਗ ਨੂੰ ਵਿਕਟ ਦੇ ਦਿੱਤੀ। ਡਿਆਨਾ ਨੇ ਫਿਰ ਡੇਨ ਵਨ ਨਿਕਰਕ (ਤਿੰਨ ਦੌੜਾਂ) ਨੂੰ ਆਊਟ ਕੀਤਾ। ਮਰੀਜ਼ਨ ਕੌਪ ਨੇ 31 ਦੌੜਾਂ ਅਤੇ ਮਿਗਨੋਨ ਡੂ ਪ੍ਰੀਜ਼ ਨੇ 17 ਦੌੜਾਂ ਦੀ ਪਾਰੀ ਖੇਡੀ। ਇਸ ਮਗਰੋਂ ਦੱਖਣੀ ਅਫਰੀਕਾ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਪਾਕਿਸਤਾਨ ਨੂੰ ਟੀਚੇ ਤੱਕ ਨਹੀਂ ਪਹੁੰਚਣ ਦਿੱਤਾ। ਕਪਤਾਨ ਜਵੇਰੀਆ ਖ਼ਾਨ ਨੇ 31 ਦੌੜਾਂ ਬਣਾਈਆਂ, ਜਦਕਿ ਆਲੀਆ ਰਿਆਜ਼ 39 ਦੌੜਾਂ ਦੀ ਨਾਬਾਦ ਪਾਰੀ ਖੇਡਣ ਦੇ ਬਾਵਜੂਦ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੀ। ਆਲੀਆ ਅਤੇ ਇਰਾਮ ਜਾਵੇਦ (ਨਾਬਾਦ 17 ਦੌੜਾਂ) ਦੀ ਨਾਬਾਦ 47 ਦੌੜਾਂ ਦੀ ਭਾਈਵਾਲੀ ਵੀ ਟੀਮ ਦੇ ਕੰਮ ਨਹੀਂ ਆ ਸਕੀ।