ਅਹਿਮਦਾਬਾਦ, 1 ਫਰਵਰੀ
ਸ਼ੁਭਮਨ ਗਿੱਲ ਦੇ ਨਾਬਾਦ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਅੱਜ ਇੱਥੇ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਟੀ-20 ਲੜੀ 2-1 ਨਾਲ ਆਪਣੇ ਨਾਮ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 234 ਦੌੜਾਂ ਬਣਾਈਆਂ। ਇਸ ਵਿੱਚ ਗਿੱਲ ਨੇ 63 ਗੇਂਦਾਂ ਵਿੱਚ ਨਾਬਾਦ 126 ਦੌੜਾਂ, ਰਾਹੁਲ ਤ੍ਰਿਪਾਠੀ ਨੇ 22 ਗੇਂਦਾਂ ਵਿੱਚ 44, ਕਪਤਾਨ ਹਾਰਦਿਕ ਪੰਡਿਆ ਨੇ 17 ਗੇਂਦਾਂ ਵਿੱਚ 30 ਅਤੇ ਸੂਰਿਆਕੁਮਾਰ ਯਾਦਵ ਨੇ 13 ਗੇਂਦਾਂ ਵਿੱਚ 24 ਦੌੜਾਂ ਦਾ ਯੋਗਦਾਨ ਪਾਇਆ। ਗਿੱਲ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ 7 ਛਿੱਕੇ ਜੜੇ। ਨਿਊਜ਼ੀਲੈਂਡ ਵੱਲੋਂ ਐੱਮ ਬਰੇਸਵੈੱਲ, ਬਲੇਅਰ ਟਿਕਨਰ, ਇਸ਼ ਸੋਢੀ ਅਤੇ ਡੈਰੇਲ ਮਿਸ਼ੇਲ ਨੇ ਇੱਕ-ਇੱਕ ਵਿਕਟ ਲਈ। ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ 12.1 ਓਵਰਾਂ ਵਿੱਚ 66 ਦੌੜਾਂ ਬਣਾ ਕੇ ਆਊਟ ਹੋ ਗਈ। ਨਿਊਜ਼ੀਲੈਂਡ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ। ਟੀਮ ਨੇ ਪਹਿਲੇ ਤਿੰਨ ਓਵਰਾਂ ਵਿੱਚ ਹੀ ਚਾਰ ਵਿਕਟਾਂ ਗੁਆ ਦਿੱਤੀਆਂ ਸਨ। ਨਿਊਜ਼ੀਲੈਂਡ ਦੋ ਦੋ ਖਿਡਾਰੀ ਡੈਰੇਲ ਮਿਸ਼ੇਲ (35) ਅਤੇ ਮਿਸ਼ੇਲ ਸੈਂਟਨਰ (13) ਹੀ ਦਹਾਈ ਦੇ ਅੰਕੜੇ ’ਚ ਪਹੁੰਚ ਸਕੇ। ਇਸ ਦੌਰਾਨ ਕਪਤਾਨ ਪੰਡਿਆ ਨੇ ਚਾਰ, ਅਰਸ਼ਦੀਪ ਸਿੰਘ, ਉਮਰਾਨ ਮਲਿਕ ਅਤੇ ਸ਼ਿਵਮ ਮਾਵੀ ਨੇ ਦੋ-ਦੋ ਵਿਕਟਾਂ ਲਈਆਂ।