ਡਨੇਡਿਨ:ਨਿਊਜ਼ੀਲੈਂਡ ਨੇ ਆਸਟਰੇਲੀਆ ਨੂੰ ਦੂਜੇ ਟੀ-20 ਮੈਚ ਵਿੱਚ ਚਾਰ ਦੌੜਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਦੀ ਜਿੱਤ ਵਿਚ ਮਾਰਟਿਨ ਗੁਪਟਿਲ ਦਾ ਅਹਿਮ ਯੋਗਦਾਨ ਰਿਹਾ ਜਿਸ ਨੇ 50 ਗੇਂਦਾਂ ਵਿਚ 97 ਦੌੜਾਂ ਬਣਾਈਆਂ। ਟੌਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਨੇ ਸੱਤ ਵਿਕਟਾਂ ਦੇ ਨੁਕਸਾਨ ਨਾਲ 219 ਦੌੜਾਂ ਬਣਾਈਆਂ। ਦੂਜੇ ਪਾਸੇ ਆਸਟਰੇਲੀਆ ਦੀ ਟੀਮ ਜੇਤੂ ਟੀਚੇ ਦਾ ਪਿੱਛਾ ਕਰਦੀ ਹੋਈ ਅੱਠ ਵਿਕਟਾਂ ਦੇ ਨੁਕਸਾਨ ’ਤੇ 215 ਦੌੜਾਂ ਹੀ ਬਣਾ ਸਕੀ। ਇਕ ਵੇਲੇ ਆਸਟਰੇਲੀਆ 13 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 113 ਦੌੜਾਂ ਬਣਾ ਕੇ ਮੈਚ ਤੋਂ ਬਾਹਰ ਹੋ ਗਿਆ ਸੀ ਪਰ ਮਾਰਕਸ ਸਟੋਇਨਸ ਤੇ ਡੈਨੀਅਲ ਸੈਮਜ਼ ਨੇ 6.1 ਓਵਰਾਂ ਵਿਚ 92 ਦੌੜਾਂ ਬਣਾਈਆਂ। ਆਸਟਰੇਲੀਆ ਨੂੰ ਆਖਰੀ ਓਵਰ ’ਚ 15 ਦੌੜਾਂ ਚਾਹੀਦੀਆਂ ਸਨ ਪਰ ਮਹਿਮਾਨ ਟੀਮ 10 ਦੌੜਾਂ ਹੀ ਬਣਾ ਸਕੀ।