ਅਬੂਧਾਬੀ, 27 ਅਕਤੂਬਰ

ਆਈਸੀਸੀ ਟੀ-20 ਵਿਸ਼ਵ ਕੱਪ ਦੇ ਗਰੁੱਪ-1 ਮੁਕਾਬਲੇ ਵਿੱਚ ਅੱਜ ਬੰਗਲਾਦੇਸ਼ ਦੀ ਟੀਮ ਨੇ ਇੰਗਲੈਂਡ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਇੰਗਲੈਂਡ ਦੇ ਗੇਂਦਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਕਾਰਨ ਬੰਗਲਾਦੇਸ਼ ਦੀ ਟੀਮ ਸਮੇਂ ਸਮੇਂ ’ਤੇ ਵਿਕਟਾਂ ਗੁਆਉਂਦੀ ਰਹੀ ਤੇ ਟੀਮ ਦਾ ਸਕੋਰ 9 ਵਿਕਟਾਂ ’ਤੇ 124 ਦੌੜਾਂ ਰਿਹਾ। ਮੁਸ਼ਫਿਕੁਰ ਰਹੀਮ ਨੇ ਟੀਮ ਲਈ 29 ਦੌੜਾਂ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਜਦੋਂ ਕਿ ਕਪਤਾਨ ਮਹਿਮੂਦਉਲ੍ਹਾ ਨੇ 19 ਦੌੜਾਂ ਦਾ ਯੋਗਦਾਨ ਦਿੱਤਾ। ਟੀਮ ਨੇ ਇੰਗਲੈਂਡ ਨੂੰ ਜਿੱਤ ਲਈ 125 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਸਲਾਮੀ ਬੱਲੇਬਾਜ਼ ਜੇਮਸ ਰੌਏ ਦੇ ਅਰਧਸੈਂਕੜੇ (61 ਦੋੜਾਂ) ਸਦਕਾ ਬੰਗਲਾਦੇਸ਼ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਉਹ ਪਲੇਅਰ ਆਫ ਦਿ ਮੈਚ ਵੀ ਰਿਹਾ ਜਿਸ ਨੇ ਰੌਸ ਬਟਲਰ ਨਾਲ ਟੀਮ ਨੂੰ ਵਧੀਆ ਸ਼ੁਰੂਆਤ ਦਿਵਾਈ। ਇਗਲੈਂਡ ਨੇ 14.1 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 126 ਦੌੜਾਂ ਬਣਾਈਆਂ ਤੇ ਮੈਚ ਜਿੱਤ ਲਿਆ।