ਦੁਬਈ, 15 ਨਵੰਬਰ
ਆਸਟਰੇਲੀਆ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤ ਲਿਆ ਹੈ। ਦੁਬਈ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਟੀਮ ਨੇ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। ਆਸਟਰੇਲੀਆ ਦੀ ਟੀਮ ਨੇ ਨਿਊਜ਼ੀਲੈਂਡ ਵੱਲੋਂ ਮਿਲਿਆ 173 ਦੌੜਾਂ ਦਾ ਟੀਚਾ 18.5 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਟੀਮ ਵੱਲੋਂ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 38 ਗੇਂਦਾਂ ’ਤੇ 53 ਦੌੜਾਂ ਬਣਾਈਆਂ ਜਦਕਿ ਕਪਤਾਨ ਆਰੋਨ ਫਿੰਚ 5 ਦੌੜਾਂ ਹੀ ਬਣਾ ਸਕਿਆ। ਹਾਲਾਂਕਿ ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟਰੇਲੀਆ ਨੂੰ ਪਹਿਲਾਂ ਝਟਕਾ ਬਹੁਤ ਜਲਦੀ ਲੱਗ ਗਿਆ ਪਰ ਡੇਵਿਡ ਵਾਰਨਰ ਅਤੇ ਮਿਸ਼ੇਲ ਮਾਰਸ਼ ਨੇ ਅਰਧ ਸੈਂਕੜੇ ਵਾਲੀਆਂ ਪਾਰੀਆਂ ਖੇਡਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਮਾਰਸ਼ ਨੇ 77 ਦੌੜਾਂ ਬਣਾਈਆਂ ਜਦਕਿ ਬੱਲੇਬਾਜ਼ ਗਲੈੱਨ ਮੈਕਸਵੈੱਲ ਟੀਮ ਦੀ ਜਿੱਤ ਵਿੱਚ 28 ਦੌੜਾਂ ਦਾ ਯੋਗਦਾਨ ਦਿੱਤਾ। ਨਿਊਜ਼ੀਲੈਂਡ ਵੱਲੋਂ ਦੋਵੇਂ ਵਿਕਟਾਂ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਨੇ ਹਾਸਲ ਕੀਤੀਆਂ। ਦੱਸਣਯੋਗ ਹੈ ਕਿ ਆਸਟਰੇਲੀਆ ਪਹਿਲੀ ਵਾਰ ਟੀ-20 ਵਿਸ਼ਵ ਚੈਂਪੀਅਨ ਬਣਿਆ ਹੈ। ਇਸ ਤੋਂ ਪਹਿਲਾਂ ਟਾਸ ਹਾਰਨ ਮਗਰੋਂ ਆਸਟਰੇਲੀਆ ਵੱਲੋਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਨਿਊਜ਼ੀਲੈਂਡ ਨੇ ਨਿਰਧਾਰਿਤ 20 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ ਸਨ। ਨਿਊਜ਼ੀਲੈਂਡ ਲਈ ਕਪਤਾਨ ਕੇਨ ਵਿਲੀਅਮਸਨ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡਦਿਆਂ 48 ਗੇਂਦਾਂ ’ਤੇ 85 ਦੌੜਾਂ ਬਣਾਈਆਂ।