ਸਿਡਨੀ, 9 ਦਸੰਬਰ
ਆਸਟਰੇਲੀਆ ਨੇ ਭਾਰਤ ਨੂੰ ਟੀ-20 ਲੜੀ ਦੇ ਆਖਰੀ ਮੈਚ ਵਿਚ 12 ਦੌੜਾਂ ਨਾਲ ਹਰਾ ਦਿੱਤਾ ਹੈ ਜਿਸ ਨਾਲ ਮੇਜ਼ਬਾਨ ਟੀਮ ਨੇ ਮਹਿਮਾਨ ਟੀਮ ਨੂੰ ਲੜੀ ’ਤੇ ਹੂੰਝਾ ਫੇਰਨ ਤੋਂ ਰੋਕ ਦਿੱਤਾ ਹੈ। ਆਸਟਰੇਲੀਆ ਦੇ ਕਪਤਾਨ ਮੈਥਿਊ ਵੇਡ, ਗਲੈਨ ਮੈਕਸਵੈਲ ਤੇ ਸਵੈਪਸਨ ਦੀ ਸ਼ਾਨਦਾਰ ਖੇਡ ਨਾਲ ਕੰਗਾਰੂਆਂ ਨੇ ਜਿੱਤ ਹਾਸਲ ਕੀਤੀ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ ਪੰਜ ਵਿਕਟਾਂ ਦੇ ਨੁਕਸਾਨ ਨਾਲ 187 ਦੌੜਾਂ ਬਣਾਈਆਂ ਜਦਕਿ ਭਾਰਤੀ ਟੀਮ ਨਿਰਧਾਰਿਤ ਓਵਰਾਂ ਵਿਚ ਸੱਤ ਵਿਕਟਾਂ ਗੁਆ ਕੇ 174 ਦੌੜਾਂ ਹੀ ਬਣਾ ਸਕੀ। ਭਾਰਤ ਨੇ ਟਾਸ ਜਿੱਤਣ ਤੋਂ ਬਾਅਦ ਆਸਟਰੇਲਿਆਈ ਟੀਮ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਤੇ ਮੇਜ਼ਬਾਨ ਟੀਮ ਵਲੋਂ ਮੈਥਿਊ ਵੇਡ ਨੇ 53 ਗੇਂਦਾਂ ਵਿਚ 80 ਦੌੜਾਂ ਤੇ ਗਲੈਨ ਮੈਕਸਵੈਲ ਨੇ 35 ਗੇਂਦਾਂ ਵਿਚ ਧੂੰਆਂਧਾਰ 54 ਦੌੜਾਂ ਨਾਲ ਸ਼ਾਨਦਾਰ ਸਕੋਰ ਬਣਾਇਆ। ਭਾਰਤ ਨੇ ਆਸਟਰੇਲੀਆ ਦੇ ਦੋ ਕੈਚ ਛੱਡੇ ਤੇ ਇਕ ਸਟੰਪ ਆਊਟ ਕਰਨ ਦਾ ਮੌਕਾ ਵੀ ਗੁਆਇਆ । ਸਲਾਮੀ ਬੱਲੇਬਾਜ਼ੀ ਕੇ ਐਲ ਰਾਹੁਲ ਦੇ ਜਲਦੀ ਆਊਟ ਹੋਣ ਤੋਂ ਬਾਅਦ ਕਪਤਾਨ ਕੋਹਲੀ ਨੂੰ ਵੀ ਨੌਂ ਦੌੜਾਂ ਦੇ ਸਕੋਰ ’ਤੇ ਜੀਵਨਦਾਨ ਮਿਲਿਆ। ਕੋਹਲੀ ਨੇ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸਵੈਪਸਨ ਨੇ 13ਵੇਂ ਓਵਰ ਵਿਚ ਭਾਰਤ ਨੂੰ ਦੋਹਰਾ ਝਟਕਾ ਦਿੱਤਾ। ਇਸ ਤੋਂ ਬਾਅਦ ਭਾਰਤ ਦੀਆਂ ਵਿਕਟਾਂ ਲਗਾਤਾਰ ਡਿੱਗਦੀਆਂ ਗਈਆਂ ਤੇ ਦੌੜਾਂ ਬਣਾਉਣ ਦੀ ਔਸਤ ਵੀ ਵਧਦੀ ਗਈ। ਭਾਰਤੀ ਬੱਲਬਾਜ਼ ਇਹ ਟੀਚਾ ਹਾਸਲ ਨਹੀਂ ਕਰ ਸਕੇ।