ਗਾਜ਼ੀਆਬਾਦ, 28 ਮਈ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਦਿੱਲੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਪਹਿਲਵਾਨਾਂ ਨੂੰ ਛੱਡੇ ਜਾਣ ਦੀ ਸੂਚਨਾ ਮਗਰੋਂ ਦਿੱਲੀ-ਗਾਜ਼ੀਪੁਰ ਹੱਦ ’ਤੇ ਆਪਣਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਹੈ। ਅੱਗੇ ਵਧਣ ਤੋਂ ਰੋਕੇ ਜਾਣ ਕਾਰਨ ਟਿਕੈਤ ਤੇ ਉਨ੍ਹਾਂ ਦੇ ਸਮਰਥਕਾਂ ਨੇ ਇੱਥੇ ਹੀ ਧਰਨਾ ਲਾ ਦਿੱਤਾ ਸੀ। ਉਧਰ, ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਮੁਖੀ ਜੈਅੰਤ ਚੌਧਰੀ ਨੇ ਵੀ ਆਪਣੀ ਪਾਰਟੀ ਵੱਲੋਂ ਪ੍ਰਦਰਸ਼ਨ ਸਮਾਪਤ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ, ‘‘ਜਿਵੇਂ ਹੀ ਆਰਐੱਲਡੀ ਵਰਕਰਾਂ ਨੂੰ ਸੂਚਨਾ ਮਿਲੀ ਕਿ ਪਹਿਲਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਉਨ੍ਹਾਂ ਆਪਣਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਹੈ।’’