ਜਲੰਧਰ, 7 ਜਨਵਰੀ

ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਵੰਡਣ ਦੇ ਤਰੀਕੇ ਤੋਂ ਰੋਹ ਵਿੱਚ ਆਏ ਪਾਰਟੀ ਵਰਕਰਾਂ ਨੇ ਇਥੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਰਾਘਵ ਚੱਢਾ ਨੂੰ ਘੇਰ ਲਿਆ। ਸ੍ਰੀ ਚੱਢਾ ਨੂੰ ਕਈ ਘੰਟਿਆਂ ਤਕ ਪਾਰਟੀ ਵਰਕਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਉਹ ਇਥੋਂ ਦੇ ਪੰਜਾਬ ਪ੍ਰੈਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨ ਆਏ ਸਨ ਤੇ ਕਈ ਆਗੂਆਂ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ਬਾਰੇ ਐਲਾਨ ਕਰਨ ਆਏ ਸਨ। ਇਸੇ ਦੌਰਾਨ ਪਾਰਟੀ ਵਰਕਰਾਂ ਨੇ ‘ਆਪ’ ਅਤੇ ਸ੍ਰੀ ਚੱਢਾ ਖ਼ਿਲਾਫ਼ ਪ੍ਰੈਸ ਕਲੱਬ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਾਰਟੀ ਦੀ ਜਲੰਧਰ ਇਕਾਈ ਦੇ ਆਗੂ ਡਾ. ਸ਼ਿਵ ਦਿਆਲ ਮਾਲੀ ਨੇ ਵੀ ਪਾਰਟੀ ਵਰਕਰਾਂ ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਵਰਕਰਾਂ ਨੇ ਪ੍ਰੈਸ ਕਲੱਬ ਦਾ ਰਾਹ ਰੋਕ ਲਿਆ ਤੇ ਕਾਲੇ ਝੰਡੇ ਲਹਿਰਾਏ। ਉਨ੍ਹਾਂ ਨੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ ਜਿਨ੍ਹਾਂ ’ਤੇ ਲਿਖਿਆ ਸੀ ‘ਦਾਗੀ ਬੰਦਿਆਂ ਨੂੰ ਟਿਕਟਾਂ ਦੇਣੀਆਂ ਬੰਦ ਕਰੋ।’ ਇਸ ਸਬੰਧ ਵਿੱਚ ਸ੍ਰੀ ਚੱਢਾ ਨੇ ਕਿਹਾ ਕਿ ਇਹ ਸਾਰੇ ਸਾਡੇ ਹੀ ਬੰਦੇ ਹਨ। ਹਰ ਚੋਣਾਂ ਵਿੱਚ ਕੁਝ ਪਾਰਟੀ ਵਰਕਰ ਟਿਕਟਾਂ ਨਾ ਮਿਲਣ ਕਾਰਨ ਨਾਰਾਜ਼ ਹੋ ਜਾਂਦੇ ਹਨ ਤੇ ਇਨ੍ਹਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇਗੀ।