ਚੰਡੀਗੜ੍ਹ, 28 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕੈਬਨਿਟ ਵੱਲੋਂ ਸੂਬੇ ਵਿਚ ਖੇਤੀ ਖੇਤਰ ਲਈ ਬਿਜਲੀ ਦੇ ਬਿੱਲ ਲਾਉਣ ਦੇ ਫੈਸਲੇ ਨੂੰ ਕਾਂਗਰਸ ਸਰਕਾਰ ਦਾ ਪਾਗਲਪਣ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਸਾਧਾਰਨ ਵਿਅਕਤੀ ਦੇ ਸਮਝੋਂ ਬਾਹਰੀ ਗੱਲ ਹੈ ਕਿ ਕਾਂਗਰਸ ਸਰਕਾਰ ਅਜਿਹੇ ਮੌਕੇ ਕਿਸਾਨਾਂ ’ਤੇ ਬੋਝ ਪਾਉਣ ਬਾਰੇ ਸੋਚ ਵੀ ਕਿਵੇਂ ਸਕਦੀ ਹੈ ਜਦੋਂ ਕੁਦਰਤੀ ਆਫ਼ਤਾਂ, ਸਰਕਾਰੀ ਲਾਪ੍ਰਵਾਹੀ ਅਤੇ ਆਰਥਿਕਤਾ ਦੇ ਉਤਾਰ ਚੜ੍ਹਾਅ ਨੇ ਕਿਸਾਨੀ ਦੀ ਕਮਰ ਪਹਿਲਾਂ ਹੀ ਤੋੜ ਛੱਡੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਵਨ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੀਤੇ ਵਾਅਦਿਆਂ ਉੱਤੇ ਪੰਜਾਬੀਆਂ ਨਾਲ ਕੀਤਾ ਗਿਆ ਇਹ ਇੱਕ ਹੋਰ ਵਿਸ਼ਵਾਸਘਾਤ ਹੈ।
