ਓਟਵਾ:ਟਾਇਟੈਨਿਕ ਜਹਾਜ਼ ਦਾ ਮਲਬਾ ਦੇਖਣ ਅਟਲਾਂਟਿਕ ਸਾਗਰ ਅੰਦਰ ਗਈ ਟਾਇਟਨ ਪਣਡੁੱਬੀ ’ਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਮਰੀਕੀ ਸਾਹਿਲੀ ਗਾਰਡ ਰੀਅਰ ਐਡਮਿਰਲ ਜੌਹਨ ਮੌਗਰ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਆਧਾਰਿਤ ਕੰਪਨੀ ਓਸ਼ਨਗੇਟ ਐਕਸਪੀਡਿਸ਼ਨਜ਼ ਨੇ ਇਕ ਬਿਆਨ ’ਚ ਕਿਹਾ ਸੀ ਕਿ ਪਣਡੁੱਬੀ ’ਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਮ੍ਰਿਤਕਾਂ ’ਚ ਅਰਬਪਤੀ ਅਤੇ ਮਾਹਿਰ ਹਾਮਿਸ਼ ਹਾਰਡਿੰਗ, ਪੌਲ ਹੈਨਰੀ ਨਾਰਗਿਓਲੇਟ, ਪਾਕਿਸਤਾਨ ਦੇ ਅਮੀਰ ਪਰਿਵਾਰ ਦਾ ਸ਼ਾਹਜ਼ਾਦਾ ਦਾਊਦ ਅਤੇ ਉਸ ਦਾ ਪੁੱਤਰ ਸੁਲੇਮਾਨ ਦਾਊਦ ਅਤੇ ਓਸ਼ਨਗੇਟ ਕੰਪਨੀ ਦਾ ਸੀਈਓ ਤੇ ਟਾਇਟਨ ਪਾਇਲਟ ਸਟੌਕਟਨ ਰਸ਼ ਸ਼ਾਮਲ ਹਨ। ਖ਼ਬਰ ਏਜੰਸੀ ਸਿਨਹੁਆ ਮੁਤਾਬਕ ਪਣਡੁੱਬੀ ਪੂਰਬੀ ਕੈਨੇਡਾ ਦੇ ਨਿਊਫਾਊਂਡਲੈਂਡ ਤੱਟ ਤੋਂ 600 ਕਿਲੋਮੀਟਰ ਦੂਰ ਅਟਲਾਂਟਿਕ ਸਾਗਰ ’ਚ ਲਾਪਤਾ ਹੋ ਗਈ ਸੀ। ਪਣਡੁੱਬੀ ’ਚ ਸਿਰਫ਼ 96 ਘੰਟੇ ਦੀ ਆਕਸੀਜਨ ਸੀ ਜਿਸ ਦੇ ਵੀਰਵਾਰ ਸਵੇਰੇ ਖ਼ਤਮ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ।