ਵਾਸ਼ਿੰਗਟਨ: ਡੋਨਲਡ ਟਰੰਪ ਪ੍ਰਸ਼ਾਸਨ ਨੇ ਸਰਕਾਰੀ ਖਰਚੇ ਨੂੰ ਘੱਟ ਕਰਨ ਲਈ ਇਕ ਹੋਰ ਕਦਮ ਚੁੱਕਦਿਆਂ 9,500 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਨ੍ਹਾਂ ’ਚ ਅੰਦਰੂਨੀ, ਊਰਜਾ, ਪੁਰਾਣੇ ਮਾਮਲਿਆਂ, ਖੇਤੀ ਤੇ ਸਿਹਤ ਤੇ ਮਨੁੱਖੀ ਸੇਵਾ ਵਿਭਾਗਾਂ ਦੇ ਮੁਲਾਜ਼ਮ ਸ਼ਾਮਲ ਹਨ। ਇਹ ਉਨ੍ਹਾਂ 75 ਹਜ਼ਾਰ ਮਜ਼ਦੂਰਾਂ ਤੋਂ ਇਲਾਵਾ ਹਨ, ਜਿਨ੍ਹਾਂ ਨੇ ਆਪਣੀ ਇੱਛਾ ਨਾਲ ਨੌਕਰੀ ਛੱਡਣ ਦੀ ਪੇਸ਼ਕਸ਼ ਸਵੀਕਾਰੀ ਸੀ।
ਟਰੰਪ ਦਾ ਕਹਿਣਾ ਹੈ ਕਿ ਸੰਘੀ ਸਰਕਾਰ ’ਚ ਬਹੁਤ ਸਾਰਾ ਪੈਸਾ ਬਰਬਾਦ ਹੋ ਗਿਆ ਹੈ। ਸਰਕਾਰ ’ਤੇ ਕਰੀਬ 36 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ ਤੇ ਪਿਛਲੇ ਸਾਲ ਉਸ ਨੂੰ 1.8 ਟ੍ਰਿਲੀਅਨ ਡਾਲਰ ਦਾ ਘਾਟਾ ਹੋਇਆ ਸੀ। ਸੁਧਾਰ ਦੀ ਲੋੜ ’ਤੇ ਦੋਵਾਂ ਪਾਰਟੀਆਂ ’ਚ ਸਹਿਮਤੀ ਹੈ ਪਰ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਟਰੰਪ ਸੰਘੀ ਖਰਚ ’ਤੇ ਵਿਧਾਨਪਾਲਿਕਾ ਦੇ ਸੰਵਿਧਾਨਕ ਅਧਿਕਾਰ ਦਾ ਕਬਜ਼ਾ ਕਰ ਰਹੇ ਹਨ।
ਸੂਤਰਾਂ ਨੇ ਕਿਹਾ ਕਿ ਮਸਕ ਦੀਆਂ ਕੋਸ਼ਿਸ਼ਾਂ ਦੀ ਰਫ਼ਤਾਰ ਨੇ ਤਾਲਮੇਲ ਦੀ ਕਮੀ ਨੂੰ ਲੈ ਕੇ ਟਰੰਪ ਦੇ ਕੁਝ ਸਹਿਯੋਗੀਆਂ ’ਚ ਨਿਰਾਸ਼ਾ ਪੈਦਾ ਕੀਤੀ ਹੈ। ਨੌਕਰੀ ’ਚ ਕਟੌਤੀ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਅਮਰੀਕੀ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦੇ ਲਗਪਗ ਅੱਧੇ ਪ੍ਰੋਬੇਸ਼ਨਰ ਮੁਲਾਜ਼ਮਾਂ ਤੇ ਰਾਸ਼ਟਰੀ ਸਿਹਤ ਸੰਸਥਾਨ ਦੇ ਹੋਰ ਮੁਲਾਜ਼ਮਾਂ ਨੂੰ ਜਬਰੀ ਕੱਢਿਆ ਜਾ ਰਿਹਾ ਹੈ। ਅਮਰੀਕੀ ਜੰਗਲਾਤ ਸੇਵਾ ਲਗਪਗ 3,400 ਹਾਲੀਆ ਨਿਯੁਕਤੀਆਂ ਨੂੰ ਕੱਢ ਰਹੀ ਹੈ, ਜਦਕਿ ਰਾਸ਼ਟਰੀ ਬਾਗ਼ਬਾਨ ਸੇਵਾ ਲਗਪਗ 1,000 ਨੌਕਰੀਆਂ ਨੂੰ ਖਤਮ ਕਰ ਰਹੀ ਹੈ। ਕਰ ਸੰਗ੍ਰਹਿ ਕਰਨ ਵਾਲੀ ਅੰਦਰੂਨੀ ਮਾਲ ਸੇਵਾ ਅਗਲੇ ਹਫਤੇ ਹਜ਼ਾਰਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੀ ਤਿਆਰੀ ਕਰ ਰਹੀ ਹੈ। ਅਮਰੀਕੀ ਵਾਤਾਵਰਨ ਸੰਭਾਲ ਏਜੰਸੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਦੋ ਸਾਲਾਂ ’ਚ ਕੰਮ ’ਤੇ ਰੱਖੇ ਗਏ 388 ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਹੈ। ਹੋਰ ਖ਼ਰਚਾ ਕਟੌਤੀ ਨੇ ਚਿੰਤਾਵਾਂ ਵਧਾ ਦਿੱਤੀਆਂ ਹਨ। ਮਹੱਤਵਪੂਰਨ ਸੇਵਾਵਾਂ ਖਤਰੇ ’ਚ ਹਨ। ਲਾਸ ਏਂਜਲਸ ’ਚ ਜੰਗਲ ਦੀ ਅੱਗ ਨਾਲ ਹੋਈ ਤਬਾਹੀ ਦੇ ਇਕ ਮਹੀਨੇ ਬਾਅਦ ਕਟੌਤੀ ਤੋਂ ਪ੍ਰਭਾਵਿਤ ਸੰਗਠਨਾਂ ਨੇ ਆਰਜ਼ੀ ਤੌਰ ’ਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਕੰਮ ’ਤੇ ਰੱਖਣਾ ਬੰਦ ਕਰ ਦਿੱਤਾ ਹੈ।