ਵਾਸ਼ਿੰਗਟਨ: ਡੋਨਾਲਡ ਟਰੰਪ ਸਰਕਾਰ ਨੇ ਅਮਰੀਕੀ ਫੌਜ ਵਿੱਚ ਸੇਵਾ ਨਿਭਾਉਣ ਵਾਲੇ ਸਿੱਖਾਂ ਵਿੱਚ ਚਿੰਤਾ ਵਧਾ ਦਿੱਤੀ ਹੈ। ਰੱਖਿਆ ਮੰਤਰੀ ਪੀਟ ਹੈਗਸੇਥ ਨੇ 30 ਸਤੰਬਰ ਨੂੰ ਵਰਜੀਨੀਆ ਦੇ ਮਰੀਨ ਕੋਰ ਬੇਸ ਕੁਆਂਟਿਕੋ ਵਿੱਚ ਭਾਸ਼ਣ ਦੌਰਾਨ ਫੌਜ ਵਿੱਚ “ਅਨੁਸ਼ਾਸਨ ਅਤੇ ਇਕਸਾਰਤਾ” ਬਹਾਲ ਕਰਨ ਲਈ ਦਾੜ੍ਹੀ ‘ਤੇ ਸਖ਼ਤ ਪਾਬੰਦੀ ਦਾ ਐਲਾਨ ਕੀਤਾ। ਉਸੇ ਸਮੇਂ ਪੈਂਟਾਗਨ ਨੇ ਮੈਮੋ ਜਾਰੀ ਕਰਕੇ ਸਾਰੀਆਂ ਫੌਜੀ ਯੂਨਿਟਾਂ ਨੂੰ 2010 ਤੋਂ ਪਹਿਲਾਂ ਵਾਲੇ ਨਿਯਮਾਂ ‘ਤੇ ਵਾਪਸ ਪਰਤਣ ਦਾ ਹੁਕਮ ਦਿੱਤਾ, ਜਿਸ ਨਾਲ ਦਾੜ੍ਹੀ ਵਾਲੀਆਂ ਧਾਰਮਿਕ ਛੋਟਾਂ ਨੂੰ ਖਤਮ ਕਰ ਦਿੱਤਾ ਗਿਆ। ਇਹ ਫ਼ੈਸਲਾ ਸਿੱਖਾਂ, ਆਰਥੋਡਾਕਸ ਯਹੂਦੀਆਂ ਅਤੇ ਮੁਸਲਮਾਨਾਂ ਵਿੱਚ ਡਰ ਪੈਦਾ ਕਰ ਰਿਹਾ ਹੈ।

ਸਿੱਖ ਕੋਏਲਿਸ਼ਨ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ, “ਚਿਹਰੇ ਦੇ ਵਾਲਾਂ ਤੋਂ ਛੋਟ ਆਮ ਤੌਰ ‘ਤੇ ਵੈਧ ਨਹੀਂ ਮੰਨੀ ਜਾਵੇਗੀ,” ਅਤੇ ਹਰ ਯੂਨਿਟ ਨੂੰ 60 ਦਿਨਾਂ ਵਿੱਚ ਯੋਜਨਾ ਤਿਆਰ ਕਰਨੀ ਤੇ 90 ਦਿਨਾਂ ਵਿੱਚ ਲਾਗੂ ਕਰਨੀ ਹੋਵੇਗੀ। ਸਿਰਫ਼ ਵਿਸ਼ੇਸ਼ ਆਪ੍ਰੇਸ਼ਨ ਫੋਰਸਿਜ਼ ਨੂੰ ਅਸਥਾਈ ਰਾਹਤ ਮਿਲ ਸਕਦੀ ਹੈ, ਪਰ ਮਿਸ਼ਨਾਂ ਤੋਂ ਪਹਿਲਾਂ ਸਾਫ਼-ਸੁਥਰਾ ਹੋਣਾ ਜ਼ਰੂਰੀ ਰਹੇਗਾ। ਨਾਲ ਹੀ, ਵਜ਼ਨ ਵਧੇ ਹੋਏ ਜਨਰਲਾਂ ਨੂੰ ਭਾਰ ਘਟਾਉਣ ਦੀ ਹਦਾਇਤ ਦਿੱਤੀ ਗਈ ਹੈ।
ਇਹ ਫ਼ੈਸਲਾ ਸਿੱਖ, ਯਹੂਦੀ ਅਤੇ ਮੁਸਲਿਮ ਫੌਜੀਆਂ ਵਿੱਚ ਹਲਚਲ ਪੈਦਾ ਕਰ ਰਿਹਾ ਹੈ। ਬਹੁਤੇ ਡਰ ਰਹੇ ਹਨ ਕਿ ਉਨ੍ਹਾਂ ਨੂੰ ਧਰਮ ਅਤੇ ਨੌਕਰੀ ਵਿੱਚੋਂ ਇੱਕ ਚੁਣਨਾ ਪਵੇਗਾ। ਇੱਕ ਸਿੱਖ ਸਿਪਾਹੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਮੇਰੇ ਕੇਸ ਮੇਰੀ ਪਛਾਣ ਹਨ।” ਸਿੱਖ ਕੋਏਲਿਸ਼ਨ ਨੇ ਬਿਆਨ ਵਿੱਚ ਕਿਹਾ, “ਅਸੀਂ ਗੁੱਸੇ ਅਤੇ ਚਿੰਤਾ ਵਿੱਚ ਹਾਂ। ਇਹ ਧਾਰਮਿਕ ਫੌਜੀਆਂ ਨੂੰ ਹਾਸ਼ੀਏ ‘ਤੇ ਧੱਕੇਗਾ।”

ਅਮਰੀਕੀ ਫੌਜ ਵਿੱਚ ਸਿੱਖਾਂ ਦਾ ਇਤਿਹਾਸ ਬਹੁਤ ਲੰਬਾ ਰਿਹਾ ਹੈ। ਪਹਿਲੇ ਵਿਸ਼ਵ ਯੁੱਧ ਵਿੱਚ ਉਨ੍ਹਾਂ ਨੇ ਸੇਵਾ ਨਿਭਾਈ। ਭਗਤ ਸਿੰਘ ਥਿੰਦ 1917 ਵਿੱਚ ਪਹਿਲੇ ਪ੍ਰਮੁੱਖ ਸਿੱਖ ਵਜੋਂ ਭਰਤੀ ਹੋਏ ਅਤੇ ਉਨ੍ਹਾਂ ਨੂੰ ਦਸਤਾਰ ਬੰਨ੍ਹਣ ਦੀ ਇਜਾਜ਼ਤ ਸੀ, ਪਰ ਇਹ ਵਿਸ਼ੇਸ਼ ਮਾਮਲਾ ਸੀ। 1980ਵਾਂ ਵਿੱਚ ਸਖ਼ਤ ਪਾਬੰਦੀਆਂ ਲੱਗੀਆਂ। 2010 ਵਿੱਚ ਕੈਪਟਨ ਸਿਮਰਨਪ੍ਰੀਤ ਸਿੰਘ ਲਾਂਬਾ ਅਤੇ ਮੇਜਰ ਕਮਲਜੀਤ ਸਿੰਘ ਕਲਸੀ ਨੂੰ ਛੋਟ ਮਿਲੀ, ਜਿਸ ਨੇ ਰਾਹ ਖੋਲ੍ਹਿਆ। 2017 ਵਿੱਚ ਦਾੜ੍ਹੀ, ਪੱਗ ਅਤੇ ਹੋਰ ਚਿੰਨ੍ਹਾਂ ਨੂੰ ਵਿਆਪਕ ਰੂਪ ਵਿੱਚ ਮਨਜ਼ੂਰੀ ਮਿਲੀ। ਰੱਖਿਆ ਮੰਤਰੀ ਨੇ ਕਿਹਾ ਕਿ ਦਾੜ੍ਹੀ ਗੈਸ ਮਾਸਕ ਦੀ ਸਹੀ ਵਰਤੋਂ ਵਿੱਚ ਰੁਕਾਵਟ ਪਾਉਂਦੀ ਹੈ ਅਤੇ ਯੂਨਿਟ ਵਿੱਚ ਇਕਸਾਰਤਾ ਬਣਾਈ ਰੱਖਣ ਲਈ ਜ਼ਰੂਰੀ ਹੈ।